ਗੁਰਦਾਸਪੁਰ, 7 ਅਪ੍ਰੈਲ (ਅਸ਼ੋਕ ਸ਼ਰਮਾ)-ਗਹਿਣਿਆਂ 'ਤੇ ਕਰਜ਼ ਦਿਵਾਉਣ ਦੇ ਬਹਾਨੇ ਇਕ ਔਰਤ ਵਲੋਂ ਆਪਣੇ ਹੀ ਰਿਸ਼ਤੇਦਾਰ ਨੰੂ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪੀੜਤ ਗੁਰਪ੍ਰੀਤ ਕੌਰ ਪਤਨੀ ਲਲਿਤ ਵਾਸੀ ਨੰਗਲ ਕੋਟਲੀ ਮੰਡੀ ਗੁਰਦਾਸਪੁਰ ਨੇ ਜ਼ਿਲ੍ਹਾ ਪੁਲਿਸ ਮੁਖੀ ਨੰੂ ਲਿਖਤੀ ਸ਼ਿਕਾਇਤ ਕਰਨ ਤੋਂ ਬਾਅਦ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਖ਼ਾਸ ਰਿਸ਼ਤੇ ਵਿਚ ਸੁਰਜੀਤ ਕੌਰ ਪਤਨੀ ਮਿੰਟੂ ਵਾਸੀ ਡਡਵਾਂ ਰੋਡ ਧਾਰੀਵਾਲ ਨੇ ਉਸ ਨੰੂ ਆਪਣੇ ਝਾਂਸੇ ਵਿਚ ਲੈ ਕੇ ਕਿਹਾ ਕਿ ਤੈਨੰੂ ਗਹਿਣੇ ਗਿਰਵੀ ਰੱਖ ਕੇ ਕਰਜ਼ਾ ਲੈ ਕੇ ਦੇਵਾਂਗੀ, ਜਿਸ ਨਾਲ ਤੂੰ ਆਪਣੇ ਘਰ ਨੰੂ ਪੱਕਾ ਕਰ ਲਈ, ਪਰ ਉਕਤ ਰਿਸ਼ਤੇਦਾਰ ਔਰਤ ਨੇ ਉਸ ਨੰੂ ਕਰਜ਼ਾ ਦਿਵਾਉਣ ਦੀ ਬਜਾਏ ਉਸ ਦਾ ਸਵਾ ਤੋਲਾ ਸੋਨਾ ਕਿਸੇ ਸੁਨਿਆਰੇ ਕੋਲ ਗਿਰਵੀ ਰੱਖ ਦਿੱਤਾ ਅਤੇ ਉਸ ਨੰੂ ਕਿਹਾ ਕਿ ਬੈਂਕ ਵਿਚ ਕਰਜ਼ਾ ਲੈ ਕੇ ਦੇਵਾਂਗੀ ਅਤੇ ਤੇਰੇ ਗਹਿਣੇ ਵੀ ਛੁਡਵਾ ਦੇਵਾਂਗੀ | ਇਸ ਤੋਂ ਇਲਾਵਾ ਉਸ ਦੇ ਖਾਤੇ ਵਿਚ 1 ਲੱਖ 21 ਹਜ਼ਾਰ ਰੁਪਏ ਨਕਦੀ ਵੀ ਪਾਏ ਗਏ, ਪਰ ਨਾ ਤਾਂ ਉਸ ਨੰੂ ਕਰਜ਼ਾ ਮਿਲਿਆ ਅਤੇ ਨਾ ਹੀ ਉਸ ਦੇ ਗਹਿਣੇ ਤੇ ਪੈਸੇ ਵਾਪਸ ਕਰ ਰਹੀ ਹੈ | ਕਾਫ਼ੀ ਸਮਾਂ ਲੰਘਣ ਜਾਣ ਦੇ ਬਾਅਦ ਵੀ ਉਸ ਨੰੂ ਉਸ ਦੇ ਗਹਿਣੇ ਵਾਪਸ ਨਹੀਂ ਮਿਲ ਰਹੇ | ਜਿਸ ਨਾਲ ਉਸ ਦੇ ਘਰ ਵਿਚ ਕਲੇਸ਼ ਚੱਲ ਰਿਹਾ ਹੈ | ਹੁਣ ਉਕਤ ਔਰਤ ਆਪਣਾ ਘਰ ਛੱਡ ਕੇ ਉੱਥੋਂ ਭੱਜ ਗਈ ਹੈ ਅਤੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ | ਪੀੜਤ ਪਰਿਵਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਦੋਸ਼ਣ ਖ਼ਿਲਾਫ਼ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਨੰੂ ਇਨਸਾਫ਼ ਦਿਵਾਇਆ ਜਾਵੇ, ਜਿਸ ਨਾਲ ਉਸ ਦੇ ਗਹਿਣੇ ਵਾਪਸ ਮਿਲ ਸਕਣ |