ਮਾਧੋਪੁਰ, 7 ਅਪ੍ਰੈਲ (ਮਹਿਰਾ)-ਮਾਧੋਪੁਰ ਖੇਤਰ 'ਚ ਏ. ਟੀ. ਐੱਮ. ਮਸ਼ੀਨਾਂ ਅਤੇ ਐੱਸ. ਬੀ. ਆਈ. ਬੈਂਕ 'ਚ ਕੈਸ਼ ਨਾ ਹੋਣ ਕਰਕੇ ਖੇਤਰ ਦੇ ਦਰਜਨਾਂ ਪਿੰਡਾਂ ਦੇ ਲੋਕ ਅਤੇ ਆਰਮੀ ਸੈਨਾ, ਸੀ. ਪੀ. ਡਬਲਯੂ.ਡੀ, ਬੀ. ਐੱਸ. ਐੱਫ. ਵਿਭਾਗਾਂ ਦੇ ਮੁਲਾਜ਼ਮ ਖੱਜਲ ਖ਼ਰਾਬ ਹੋ ਰਹੇ ਹਨ | ਉਕਤ ਜਾਣਕਾਰੀ ਨਿਰਮਾਲਾ ਕੁਮਾਰੀ, ਸਰਬਜੀਤ ਕੌਰ ਅਤੇ ਹੋਰ ਗ੍ਰਾਹਕਾਂ ਨੇ ਸਬੰਧਿਤ ਬੈਂਕ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਮਾਧੋਪੁਰ ਐਸ.ਬੀ.ਆਈ. ਬੈਂਕ 'ਚ ਕੈਸ਼ ਕੱਢਵਾਉਣ ਲਈ ਆਏ ਸਨ | ਪਰ ਬੈਂਕ ਅਧਿਕਾਰੀਆਂ ਵਲੋਂ ਆਰ. ਬੀ. ਆਈ. ਬੈਂਕ 'ਚ ਕੈਸ਼ ਉਪਲੱਬਧ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਗ੍ਰਾਹਕ ਦੀ ਮੰਗ ਅਨੁਸਾਰ ਕੈਸ਼ ਨਹੀਂ ਦਿੱਤਾ ਜਾ ਰਿਹਾ | ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗ੍ਰਾਹਕ ਨਿਰਮਾਲਾ ਕੁਮਾਰੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਵਿਚ ਇਕ ਪ੍ਰੋਗਰਾਮ ਹੈ | ਜਿਸ ਲਈ ਉਨ੍ਹਾਂ ਨੂੰ ਤਕਰੀਬਨ 1 ਲੱਖ ਰੁਪਏ ਕੈਸ਼ ਦੀ ਜ਼ਰੂਰਤ ਸੀ | ਪਰ ਕਿਸੇ ਵੀ ਏ. ਟੀ. ਐੱਮ. ਵਿਚ ਕੈਸ਼ ਨਾ ਹੋਣ ਕਰਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਬੈਂਕ ਦੀ ਬਰਾਂਚ ਵਿਚ ਜਾ ਕੇ ਕੈਸ਼ ਲੈਣਾ ਚਾਹਿਆ, ਪਰ ਬੈਂਕ ਵਾਲਿਆਂ ਨੇ ਅਧੂਰਾ ਕੈਸ਼ ਦੇ ਕੇ ਵਾਪਸ ਭੇਜ ਦਿੱਤਾ | ਜਦੋਂ ਇਸ ਸਬੰਧੀ ਬੈਂਕ ਅਧਿਕਾਰੀਆਂ ਨਾਲ ਕੈਸ਼ ਉਪਲੱਬਧ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਆਰ.ਬੀ.ਆਈ. ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਿੱਛੋਂ ਆਰ.ਬੀ.ਆਈ. ਵਿਚੋਂ ਕੈਸ਼ ਨਹੀਂ ਮਿਲ ਰਿਹਾ, ਜਿਸ ਕਾਰਨ ਗ੍ਰਾਹਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਗ੍ਰਾਹਕਾਂ ਨੇ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜੇਕਰ ਗ੍ਰਾਹਕਾਂ ਦੀ ਸਹੂਲਤ ਲਈ ਏ.ਟੀ.ਐਮ. ਅਤੇ ਬੈਂਕ ਖੋਲ੍ਹੇ ਗਏ ਹਨ | ਉਨ੍ਹਾਂ ਵਿਚ ਸਮੇਂ-ਸਮੇਂ 'ਤੇ ਕੈਸ਼ ਵੀ ਉਪਲੱਬਧ ਰੱਖਿਆ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਉੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਬੈਂਕ ਗ੍ਰਾਹਕਾਂ ਨੂੰ ਹਰ ਸਾਲ ਕਈ ਤਰ੍ਹਾਂ ਦੇ ਚਾਰਜਸ ਪਾਉਂਦੇ ਹਨ | ਪਰ ਸਹੂਲਤਾਂ ਕੁਝ ਵੀ ਨਹੀਂ ਦਿੰਦਾ | ਗ੍ਰਾਹਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅਜਿਹੇ ਵਿਚ ਬੈਂਕ ਨੂੰ ਸਾਲਾਨਾ ਚਾਰਜਸ ਤੋਂ ਛੋਟ ਦੇਣੀ ਚਾਹੀਦੀ ਹੈ | ਉੱਥੇ ਹੀ ਗ੍ਰਾਹਕਾਂ ਵਿਚ ਭਰੋਸਾ ਬਣਿਆ ਰਹੇ, ਉਨ੍ਹਾਂ ਦੀ ਸਹੂਲਤਾਂ ਅਨੁਸਾਰ ਕੈਸ਼ ਉਪਲੱਬਧ ਵੀ ਕਰਵਾਉਣਾ ਚਾਹੀਦਾ ਹੈ |