ਪਠਾਨਕੋਟ, 7 ਅਪ੍ਰੈਲ (ਸੰਧੂ)- ਪ੍ਰਤਾਪ ਵਰਲਡ ਸਕੂਲ ਪਠਾਨਕੋਟ ਤੇ ਪੀ.ਡਬਲਿਯੂ.ਐਸ. ਅਰਲੀ ਇਅਰਜ਼ ਜੋਧਾਮਲ ਕਾਲੋਨੀ ਵਲੋਂ ਯੂ.ਕੇ.ਜੀ. ਦੀਕਸ਼ਾਂਤ ਸਮਾਗਮ ਦੀ ਸ਼ੁਰੂਆਤ ਗਰਮਜੋਸ਼ੀ ਭਰੇ ਸਵਾਗਤ ਨਾਲ ਹੋਈ ਜਿਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ | ਨੰਨ੍ਹੇ ਗ੍ਰੈਜੂਏਟਸ ਨੇ ਆਪਣੇ ਆਤਮਵਿਸ਼ਵਾਸ ਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ | ਗ੍ਰੈਜੂਏਸ਼ਨ ਪੋਸ਼ਾਕ ਵਿਚ ਸਜੇ ਵਿਦਿਆਰਥੀਆਂ ਨੇ ਮੰਚ 'ਤੇ ਮਾਣ ਨਾਲ ਕਦਮ ਰੱਖਦੇ ਹੋਏ ਆਪਣੇ ਸਰਟੀਫਿਕੇਟ ਪ੍ਰਾਪਤ ਕੀਤੇ | ਮੁੱਖ ਮਹਿਮਾਨ ਵਜੋਂ ਸਿਵਲ ਹਸਪਤਾਲ ਪਠਾਨਕੋਟ ਦੇ ਅਧਿਕਾਰੀ ਡਾ: ਪੁਨੀਤ ਜਮਵਾਲ ਮੌਜੂਦ ਰਹੇ | ਆਪਣੇ ਸੰਬੋਧਨ 'ਚ ਉਨ੍ਹਾਂ ਸਕੂਲ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੱਚਿਆਂ ਦੇ ਸਮੂਹਿਕ ਵਿਕਾਸ ਵਿਚ ਸਿਹਤ, ਅਨੁਸ਼ਾਸਨ ਤੇ ਸ਼ੁਰੂਆਤੀ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਮਾਪਿਆਂ ਨੂੰ ਵੀ ਬੱਚਿਆਂ ਦੇ ਚੰਗੇ ਭਵਿੱਖ ਲਈ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ | ਸਮਾਗਮ ਦੌਰਾਨ ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ, ਡਾਇਰੈਕਟਰ ਓਸ਼ਿਨ ਮਹਾਜਨ, ਪਿ੍ੰਸੀਪਲ ਸ਼ੁਭਰਾ ਰਾਣੀ ਤੇ ਮੁੱਖ ਅਧਿਆਪਕਾ (ਅਰਲੀ ਇਅਰਜ਼) ਈਸ਼ਾਨੀ ਰੈਨਾ ਵੀ ਮੌਜੂਦ ਰਹੇ | ਸਭ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸਰਾਹਨਾ ਕਰਦਿਆਂ ਅਧਿਆਪਕਾਂ ਦੀ ਸਮਰਪਿਤ ਭੂਮਿਕਾ ਨੂੰ ਵੀ ਸਲਾਮ ਕੀਤਾ | ਡਾਇਰੈਕਟਰ ਸੰਨੀ ਮਹਾਜਨ ਨੇ ਕਿਹਾ ਕਿ ਸਕੂਲ ਬੱਚਿਆਂ ਨੂੰ ਮਜ਼ਬੂਤ ਸਿੱਖਿਆ ਦਾ ਆਧਾਰ ਦੇਣ ਲਈ ਵਚਨਬੱਧ ਹੈ ਤੇ ਸ਼ੁਰੂਆਤੀ ਸਿੱਖਿਆ ਬੱਚਿਆਂ 'ਚ ਆਤਮਵਿਸ਼ਵਾਸ, ਰਚਨਾਤਮਿਕਤਾ ਤੇ ਚੰਗੇ ਸੰਸਕਾਰ ਵਿਕਸਿਤ ਕਰਦੀ ਹੈ | ਪਿ੍ੰਸੀਪਲ ਸ਼ੁਭਰਾ ਰਾਣੀ ਨੇ ਨੰਨੇ੍ਹ ਗ੍ਰੈਜੂਏਟਸ ਨੂੰ ਵਧਾਈ ਦਿੱਤੀ |