ਵਡਾਲਾ ਗ੍ਰੰਥੀਆਂ, 7 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)-ਪੁਲਿਸ ਚੌਂਕੀ ਵਡਾਲਾ ਗ੍ਰੰਥੀਆਂ ਵਲੋਂ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਚੌਕੀ ਇੰਚਾਰਜ ਏਐਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਕਸਬਾ ਵਡਾਲਾ ਗ੍ਰੰਥੀਆਂ ਤੋਂ ਗ੍ਰੰਥਗੜ ਵੱਲ ਗਸਤ ਕਰ ਰਹੀ ਸੀ | ਜਦੋਂ ਪੁਲਿਸ ਪਾਰਟੀ ਗ੍ਰੰਥਗੜ ਮੋੜ ਨੇੜੇ ਪਹੁੰਚੀ ਤਾਂ ਇਕ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਆਪਣੀ ਜੇਬ ਵਿਚੋਂ ਇਕ ਮੋਮੀ ਲਿਫ਼ਾਫ਼ਾ ਸੁੱਟਣ ਲੱਗਾ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ | ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂਅ ਸਿਮਰਨਜੀਤ ਸਿੰਘ ਉਰਫ ਗਿਆਨੀ ਪੁੱਤਰ ਸਮਸ਼ੇਰ ਸਿੰਘ ਵਾਸੀ ਫਿਛਰੇਵਾਲ ਹਾਲ ਵਾਸੀ ਵਡਾਲਾ ਗ੍ਰੰਥੀਆਂ ਦੱਸਿਆ | ਚੌਕੀ ਇੰਚਾਰਜ ਸੁਖਰਾਜ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਉਕਤ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ | ਨਾਰਕੋਟਿਕ ਡਰੱਗ ਡਿਟੈਕਸ਼ਨ ਕਿੱਟ ਨਾਲ ਜਾਂਚ ਕਰਨ 'ਤੇ ਇਹ ਹੈਰੋਇਨ ਹੋਣ ਦੀ ਪੁਸ਼ਟੀ ਹੋਈ | ਪੁਲਿਸ ਨੇ ਬਰਾਮਦ ਕੀਤੀ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ |