ਗੁਰਦਾਸਪੁਰ, 10 ਅਪ੍ਰੈਲ (ਅਸ਼ੋਕ ਸ਼ਰਮਾ)- ਕਸਬਾ ਪੁਰਾਣਾ ਸ਼ਾਲਾ ਚੌਕ 'ਚ ਟਰੈਫ਼ਿਕ ਲਾਈਟਾਂ ਜਾਂ ਸਪੀਡ ਬਰੇਕਰ ਨਾ ਹੋਣ ਕਾਰਨ ਹਰ ਵੇਲੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਗੁਰਦਾਸਪੁਰ ਮੁਕੇਰੀਆਂ ਸੜਕ ਵਿਚਕਾਰ ਪੈਂਦੇ ਕਸਬਾ ਪੁਰਾਣਾ ਸ਼ਾਲਾ ਵਿਖੇ ਚੌਤਰਫ਼ਾ ਸੜਕ ਹੋਣ ਕਰਕੇ ਟਰੈਫ਼ਿਕ ਦਾ ਕਾਫ਼ੀ ਜ਼ੋਰ ਰਹਿੰਦਾ ਹੈ ਕਿਉਂਕਿ ਇਸ ਸੜਕ ਰਾਹੀਂ ਦਿਲੀ, ਅੰਬਾਲਾ, ਚੰਡੀਗੜ੍ਹ, ਹੁਸ਼ਿਆਰਪੁਰ ਵੱਡੇ ਸ਼ਹਿਰਾਂ ਤੋਂ ਛੋਟੇ ਵੱਡੇ ਵਾਹਨ ਗੁਰਦਾਸਪੁਰ, ਜੰਮੂ, ਊਧਮਪੁਰ, ਰਾਜੋਰੀ, ਸ੍ਰੀਨਗਰ ਆਦਿ ਸ਼ਹਿਰਾਂ ਨੂੰ ਆਉਂਦੇ ਜਾਂਦੇ ਹਨ | ਇਹ ਟਰੈਫ਼ਿਕ ਦਿਨ ਰਾਤ ਚੱਲਦੀ ਰਹਿੰਦੀ ਹੈ | ਖੱਬੇ ਪਾਸੇ ਸੜਕ ਦੇ ਪੰਡੋਰੀ ਮਹੰਤਾਂ, ਦੀਨਾਨਗਰ ਤੇ ਸੱਜੇ ਪਾਸੇ ਸੜਕ ਕਸਬਾ ਚੱਕ ਸ਼ਰੀਫ਼ ਕਾਹਨੂੰਵਾਨ ਭੈਣੀ ਮੀਆਂ ਖਾਂ ਆਦਿ ਨੂੰ ਜਾਂਦੀਆਂ ਹਨ | ਇਹ ਕਸਬਾ 40-50 ਪਿੰਡਾਂ ਦਾ ਬਿੰਦੂ ਕੇਂਦਰ ਹੈ ਜਿਸ ਕਾਰਨ ਟਰੈਫ਼ਿਕ ਜ਼ਿਆਦਾ ਹੋਣ ਕਾਰਨ ਚੌਕ ਵਿਚ ਹਰ ਵੇਲੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ, ਕਿਉਂਕਿ ਚੌਕ ਵਿਚ ਨਾ ਤਾਂ ਟਰੈਫ਼ਿਕ ਲਾਈਟਾਂ ਹਨ ਤੇ ਨਾ ਹੀ ਸਪੀਡ ਬਰੇਕਰ | ਇਸ ਕਸਬੇ ਵਿਚ ਪੁਲਿਸ ਥਾਣਾ ਤਾਂ ਹੈ ਪਰ ਪੁਲਿਸ ਦਾ ਕੋਈ ਵੀ ਕਰਮਚਾਰੀ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਤਾਇਨਾਤ ਨਹੀਂ ਤੇ ਨਾ ਹੀ ਪੁਲਿਸ ਵਲੋਂ ਕੋਈ ਬੈਰੀਕੇਡ ਆਦਿ ਲਗਾਏ ਹਨ ਤਾਂ ਜੋ ਆਉਂਦੇ ਜਾਂਦੇ ਵਾਹਨ ਇਸ ਚੌਕ 'ਚੋਂ ਹੌਲੀ ਹੋ ਕੇ ਗੁਜ਼ਰਨ | ਇਲਾਕਾ ਵਾਸੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਪਾਸੋਂ ਮੰਗ ਹੈ ਕਿ ਪੁਰਾਣਾ ਸ਼ਾਲਾ ਚੌਕ ਦੇ ਚਾਰੇ ਪਾਸੇ ਸਪੀਡ ਬਰੇਕਰ ਬਣਾਏ ਜਾਣ ਤੇ ਜਿੰਨੀ ਦੇਰ ਇਹ ਸਪੀਡ ਬਰੇਕਰ ਨਹੀਂ ਬਣਦੇ ਉਦੋਂ ਤੱਕ ਥਾਣਾ ਪੁਰਾਣਾ ਸ਼ਾਲਾ ਪੁਲਿਸ ਨੂੰ ਇਸ ਚੌਕ 'ਚ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਆਰਜ਼ੀ ਪ੍ਰਬੰਧ ਕਰਨਾ ਚਾਹੀਦਾ ਹੈ ਜਿਸ ਨਾਲ ਹਾਦਸਿਆਂ ਨੂੰ ਰੋਕਿਆ ਜਾ ਸਕੇ |