ਬਟਾਲਾ, 11 ਅਪ੍ਰੈਲ (ਹਰਦੇਵ ਸਿੰਘ ਸੰਧੂ)- ਬਟਾਲਾ ਪੁਲਿਸ ਨੂੰ ਉਸ ਵਕਤ ਇਕ ਵੱਡੀ ਕਾਮਯਾਬੀ ਪ੍ਰਾਪਤ ਹੋਈ, ਜਦੋਂ 2 ਵਿਅਕਤੀਆਂ ਕੋਲੋਂ ਸਾਢੇ 6 ਕਿੱਲੋਂ ਦੇ ਕਰੀਬ ਹੈਰੋਇਨ, ਇਕ ਪਿਸਤੌਲ, 6 ਰੌਂਦ, ਇਕ ਫਾਰਚੂਨਰ ਕਾਰ ਤੇ ਇਕ ਲੱਖ ਰੁਪਏ ਬਰਾਮਦ ਹੋਏ | ਇਸ ਸੰਬੰਧੀ ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਡੀ.ਜੀ.ਪੀ. ਪੰਜਾਬ, ਡੀ.ਆਈ.ਜੀ. ਬਾਰਡਰ ਰੇਂਜ ਅੰਮਿ੍ਤਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ.ਪੀ. ਜਾਂਚ ਸੰਦੀਪ ਕੁਮਾਰ ਦੀ ਨਿਗਰਾਨੀ ਹੇਠ ਡੀ.ਐੱਸ.ਪੀ. ਸਿਟੀ ਸੰਜੀਵ ਕੁਮਾਰ, ਡੀ.ਐੱਸ.ਪੀ. ਸੁਮੀਰ ਸਿੰਘ, ਇੰਸਪੈਕਟਰ ਸੁਖਰਾਜ ਸਿੰਘ, ਮੁੱਖ ਅਫ਼ਸਰ ਥਾਣਾ ਸਿਵਲ ਲਾਇਨ ਬਟਾਲਾ ਗੁਰਮੀਤ ਸਿੰਘ ਵਲੋਂ ਆਰਮ ਐਕਟ ਮਾਮਲੇ 'ਚ ਇਕ ਲੋੜੀਂਦੇ ਵਿਅਕਤੀ ਨਿਸ਼ਾਨ ਸਿੰਘ ਵਾਸੀ ਮੂਲਿਆਂਵਾਲ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ 6 ਕਿਲੋਂ 465 ਗ੍ਰਾਮ ਹੈਰੋਇਨ, ਇਕ ਪਿਸਤੌਲ 32 ਬੋਰ, 6 ਜਿੰਦਾ ਰੌਂਦ, ਇਕ ਫਾਰਚੂਨਰ ਗੱਡੀ ਬਰਾਮਦ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਐੱਸ.ਐੱਸ.ਪੀ. ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਘਰ 'ਤੇ 2 ਵਿਅਕਤੀਆਂ ਵਲੋਂ ਵਿਦੇਸ਼ ਬੈਠੇ ਸ਼ਰਾਰਤੀ ਅਨਸਰਾਂ ਦੇ ਕਹਿਣ 'ਤੇ ਗੋਲੀਆਂ ਚਲਾਈਆਂ ਸਨ ਜਿਸ ਤਹਿਤ 2 ਵਿਅਕਤੀ ਵੰਸ਼ ਤੇ ਸੁਖਚੈਨ ਸਿੰਘ ਨੂੰ ਗਿ੍ਫ਼ਤਾਰ ਕੀਤਾ ਸੀ | ਉਨ੍ਹਾਂ ਕੋਲੋਂ 2 ਪਿਸਤੌਲ 30 ਬੋਰ ਤੇ 8 ਜਿੰਦਾ ਰੌਂਦ ਬਰਾਮਦ ਹੋਏ ਸਨ | ਪੁੱਛਗਿੱਛ ਦੌਰਾਨ ਵੰਸ਼ ਨੇ ਦੱਸਿਆ ਕਿ ਇਹ ਪਿਸਤੌਲ ਰਵੀਪਾਲ ਵਾਸੀ ਰਾਏਪੁਰ ਤੇ ਇਕ ਹੋਰ ਵਿਅਕਤੀ ਕੋਲੋਂ ਲੈ ਕੇ ਆਇਆ ਸੀ | ਇਸ ਦੌਰਾਨ ਰਵੀਪਾਲ ਨੇ ਦੱਸਿਆ ਕਿ ਵਿਦੇਸ਼ 'ਚ ਬੈਠੇ ਵਿਅਕਤੀ ਦੇ ਕਹਿਣ 'ਤੇ ਇਹ ਪਿਸਤੌਲ ਨਿਸ਼ਾਨ ਸਿੰਘ ਵਾਸੀ ਮੂਲਿਆਂਵਾਲ ਨੂੰ ਅੱਗੇ ਦਿੱਤੇ | ਨਿਸ਼ਾਨ ਸਿੰਘ ਵਾਸੀ ਮੂਲਿਆਂਵਾਲ ਨੂੰ 9-10 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਫਾਰਚੂਨਰ ਗੱਡੀ ਸਮੇਤ ਅੰਮਿ੍ਤਸਰ ਤੋਂ ਗਿ੍ਫ਼ਤਾਰ ਕੀਤਾ ਗਿਆ | ਐੱਸ.ਐੱਸ.ਪੀ. ਨੇ ਦੱਸਿਆ ਕਿ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਨਿਸ਼ਾਨ ਸਿੰਘ ਨੇ ਪੁੱਛਗਿੱਛ ਦੌਰਾਨ ਇੰਕਸਾਫ਼ ਕੀਤਾ ਕਿ ਉਸ ਨੇ 6 ਕਿੱਲੋ 465 ਗ੍ਰਾਮ ਹੈਰੋਇਨ, ਇਕ ਪਿਸਤੌਲ, 6 ਰੌਂਦ, ਇਕ ਲੱਖ ਰੁਪਏ ਪਿੰਡ ਖ਼ਤੀਬ ਕੋਲ ਲੁਕਾ ਕੇ ਰੱਖੇ ਹੋਏ ਸਨ | ਉਸ ਦੀ ਦੱਸੀ ਜਗ੍ਹਾ 'ਤੇ ਜਾ ਕੇ ਪੁਲਿਸ ਵਲੋਂ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਇਨ੍ਹਾਂ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ |