ਗੁਰਦਾਸਪੁਰ, 11 ਅਪ੍ਰੈਲ (ਚੱਕਰਾਜਾ)- ਅੱਜ ਪੰਥਕ ਅਕਾਲੀ ਲਹਿਰ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਭਾਈ ਰਵੇਲ ਸਿੰਘ ਸਹਾਏਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋਈ ਜਿਸ ਵਿਚ ਮੌਜੂਦਾ ਪੰਥਕ ਹਾਲਾਤਾਂ 'ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜ਼ਿਲ੍ਹਾ ਜਨਰਲ ਸਕੱਤਰ ਭਾਈ ਰਣਜੀਤ ਸਿੰਘ ਖ਼ਾਲਸਾ ਨੇ ਪਿਛਲੇ ਸਮੇਂ ਦੌਰਾਨ ਪੰਥਕ ਅਕਾਲੀ ਲਹਿਰ ਵਲੋਂ ਹੜ੍ਹਾਂ ਦੌਰਾਨ ਕੀਤੀਆਂ ਗਈਆਂ ਵੱਡੀਆਂ ਸੇਵਾਵਾਂ ਤੇ ਜਥੇਬੰਦੀ ਦੀਆਂ ਸਰਗਰਮੀਆਂ ਬਾਰੇ ਖੁੱਲ੍ਹ ਕੇ ਚਾਨਣਾ ਪਾਇਆ | ਪੰਥਕ ਅਕਾਲੀ ਲਹਿਰ ਦੇ ਵਿੱਤ ਸਕੱਤਰ ਭਾਈ ਕੁਲਦੀਪ ਸਿੰਘ ਕਲਾਨੌਰ ਨੇ ਜਥੇਬੰਦੀ ਦੇ ਫ਼ੰਡਾਂ ਬਾਰੇ ਜਾਣਕਾਰੀ ਜ਼ਿਲੇ੍ਹ ਦੇ ਸਮੂਹ ਆਗੂਆਂ ਨਾਲ ਸਾਂਝੀ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਭਾਈ ਰਵੇਲ ਸਿੰਘ ਸਹਾਏਪੁਰ ਨੇ ਕੇਂਦਰ ਤੇ ਪੰਜਾਬ ਦੀ ਸਰਕਾਰ 'ਤੇ ਦੋਸ਼ ਲਗਾਇਆ ਕਿ ਇਹ ਦੋਵਾਂ ਸਰਕਾਰਾਂ ਦੀ ਮਿਲੀਭੁਗਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਤੇ ਪਿਛਲੇ 15 ਸਾਲਾਂ ਤੋਂ ਇਕ ਹੀ ਧਿਰ ਨਜਾਇਜ਼ ਤੌਰ 'ਤੇ ਗੁਰੂ ਘਰਾਂ ਦੇ ਪ੍ਰਬੰਧ ਉੱਤੇ ਕਾਬਜ਼ ਹੈ | ਉਨ੍ਹਾਂ ਕਿਹਾ ਕਿ ਜਿੱਥੇ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਦੀਆਂ ਚੋਣਾਂ ਮਿਥੇ ਸਮੇਂ ਦੌਰਾਨ ਹੀ ਹੁੰਦੀਆਂ ਹਨ ਉੱਥੇ ਹਜ਼ਾਰਾਂ ਕੁਰਬਾਨੀਆਂ ਦੇ ਕੇ ਹੋਂਦ ਵਿਚ ਲਿਆਂਦੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ 15 ਸਾਲਾਂ ਤੋਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ | ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਤਾਂ ਕਿ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਗੁਰਦੁਆਰਾ ਪ੍ਰਬੰਧ ਚੱਲ ਸਕਣ | ਇਸ ਮੌਕੇ ਆਗੂਆਂ ਨੇ ਸਰਕਾਰ ਵਲੋਂ ਬੇਅਦਬੀ ਸੰਬੰਧੀ ਬਣਾਏ ਜਾ ਰਹੇ ਕਾਨੂੰਨ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਖ਼ਤ ਕਾਨੂੰਨ ਬਣਾਉਂਦੀ ਹੈ ਤਾਂ ਪੰਥਕ ਅਕਾਲੀ ਲਹਿਰ ਉਸ ਦੀ ਹਮਾਇਤ ਕਰੇਗੀ ਪਰ ਜੇਕਰ ਸਾਰੇ ਹੀ ਧਰਮਾਂ ਦੇ ਗ੍ਰੰਥਾਂ ਨੂੰ ਇਕ ਬਰਾਬਰ ਰੱਖਦਿਆਂ ਕਾਨੂੰਨ ਵਿਚ ਕੋਈ ਸੋਧ ਕੀਤੀ ਤਾਂ ਇਹ ਸਿੱਖਾਂ ਲਈ ਇਕ ਚਿੰਤਾ ਦਾ ਵਿਸ਼ਾ ਹੋਵੇਗਾ | ਹਾਲਾਂਕਿ ਸਾਰੇ ਹੀ ਧਰਮਾਂ ਦੇ ਗ੍ਰੰਥ ਸਤਿਕਾਰਯੋਗ ਹਨ ਤੇ ਉਨ੍ਹਾਂ ਦੇ ਧਰਮਾਂ ਵਿਚ ਉਨ੍ਹਾਂ ਨੂੰ ਬੜੇ ਹੀ ਪਿਆਰ ਨਾਲ ਸਤਿਕਾਰ ਦਿੱਤਾ ਜਾਂਦਾ ਹੈ | ਆਗੂਆਂ ਨੇ ਮੰਗ ਕੀਤੀ ਕਿ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ | ਮੀਟਿੰਗ ਦੌਰਾਨ ਜਥੇਬੰਦੀ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਸਾਹਿਬ ਵਿਚ ਪੂਰਨ ਭਰੋਸਾ ਪ੍ਰਗਟ ਕੀਤਾ ਤੇ ਉਨ੍ਹਾਂ ਦੀ ਅਗਵਾਈ ਵਿਚ ਚੱਲ ਰਹੀ ਜਥੇਬੰਦੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ | ਇਸ ਮੌਕੇ ਭਾਈ ਰਵੇਲ ਸਿੰਘ ਸਹਾਏਪੁਰ, ਰਣਜੀਤ ਸਿੰਘ ਖ਼ਾਲਸਾ, ਭਾਈ ਲਖਵਿੰਦਰ ਸਿੰਘ ਆਦੀਆਂ, ਜੋਗਿੰਦਰ ਸਿੰਘ ਨਾਨੋਵਾਲ, ਸੰਤੋਖ ਸਿੰਘ ਡੱਲਾ, ਰਜਿੰਦਰ ਸਿੰਘ ਜਾਂਗਲਾ, ਜਗਬੀਰ ਸਿੰਘ ਪਾਹੜਾ, ਸੁਖਦੇਵ ਸਿੰਘ ਬੁੱਟਰ, ਡਾ: ਸੁਖਵਿੰਦਰ ਸਿੰਘ ਵਾਹਲਾ, ਕੁਲਦੀਪ ਸਿੰਘ ਕਲਾਨੌਰ, ਬਲਵਿੰਦਰ ਸਿੰਘ, ਬੀਬੀ ਸੁਖਵਿੰਦਰ ਕੌਰ ਬਾਜਵਾ, ਸਤਵੰਤ ਸਿੰਘ ਮੀਆਂ ਕੋਟ, ਬਲਦੇਵ ਸਿੰਘ, ਬਲਬੀਰ ਸਿੰਘ ਖਹਿਰਾ, ਜਸਵੰਤ ਸਿੰਘ ਬੁੱਟਰ, ਸਾਹਿਬ ਸਿੰਘ ਬੁੱਟਰ ਆਦਿ ਆਗੂ ਹਾਜ਼ਰ ਸਨ | ਆਗੂਆਂ ਨੇ ਅਹਿਦ ਲਿਆ ਕਿ ਪੰਥਕ ਅਕਾਲੀ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਹਰੇਕ ਪਿੰਡ ਤੱਕ ਪਹੁੰਚ ਕਰਕੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ |