ਪਠਾਨਕੋਟ, 15 ਅਪ੍ਰੈਲ (ਸੁਮਿਤ)- ਮਿਸ਼ਨ ਰੋਡ ਸਥਿਤ ਚਿਲਡਰਨ ਪਾਰਕ ਇਨ੍ਹਾਂ ਦਿਨੀਂ ਗੰਦਗੀ ਅਤੇ ਕੂੜੇ ਦੇ ਢੇਰਾਂ ਕਾਰਨ ਚਰਚਾ ਵਿਚ ਹੈ | ਕੁਝ ਦਿਨ ਪਹਿਲਾਂ ਰਾਮ-ਲੀਲ੍ਹਾ ਮੈਦਾਨ ਵਿਚ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਲਈ ਖਾਣ-ਪੀਣ ਦੀ ਵਿਵਸਥਾ ਚਿਲਡਰਨ ਪਾਰਕ ਵਿਚ ਕੀਤੀ ਗਈ ਸੀ | ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਪਾਰਕ ਵਿਚ ਫੈਲਿਆ ਕੂੜਾ ਅਤੇ ਡੰਪ ਅਜੇ ਤੱਕ ਨਹੀਂ ਹਟਾਇਆ ਗਿਆ ਜਿਸ ਨਾਲ ਸਥਾਨਕ ਲੋਕਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ | ਪਾਰਕ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਬਦਬੂ ਫੈਲ ਰਹੀ ਹੈ ਤੇ ਆਲੇ-ਦੁਆਲੇ ਦੇ ਵਾਤਾਵਰਨ 'ਤ ਮਾੜਾ ਅਸਰ ਪੈ ਰਿਹਾ ਹੈ | ਇੱਥੇ ਆਉਣ ਵਾਲੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਹ ਪਾਰਕ ਬੱਚਿਆਂ ਦੇ ਖੇਡਣ ਤੇ ਪਰਿਵਾਰਾਂ ਦੇ ਘੁੰਮਣ ਲਈ ਬਣਾਇਆ ਗਿਆ ਹੈ ਪਰ ਮੌਜੂਦਾ ਹਾਲਤ ਇਸ ਨੰੂ ਗੰਦਾ ਅਤੇ ਅਸੁਰੱਖਿਅਤ ਬਣਾ ਰਹੀ ਹੈ | ਸਥਾਨਕ ਨਿਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਜਲਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਕੂੜਾ ਨਹੀਂ ਹਟਾਇਆ ਗਿਆ ਤਾਂ ਇਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਸਕਦਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਨਿਯਮਿਤ ਸਫ਼ਾਈ ਪ੍ਰਣਾਲੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਪਾਰਕ ਦੀ ਸਫ਼ਾਈ ਅਤੇ ਉਪਯੋਗਤਾ ਬਣੀ ਰਹੇ |