ਪਠਾਨਕੋਟ, 15 ਅਪ੍ਰੈਲ (ਸੰਧੂ)-ਭਾਰਤੀ ਜਨਤਾ ਪਾਰਟੀ ਨਾਰਥ ਮੰਡਲ ਪਠਾਨਕੋਟ ਦੇ ਨਵ ਨਿਯੁਕਤ ਇੰਚਾਰਜ ਅਸ਼ੋਕ ਚੋਪੜਾ ਦੇ ਪਹਿਲੇ ਦੌਰੇ ਦੌਰਾਨ ਪਾਰਟੀ ਵਰਕਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਮੰਡਲ ਪ੍ਰਧਾਨ ਨਿਪੁਨ ਗੁਪਤਾ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ | ਮੀਟਿੰਗ ਦੌਰਾਨ ਅਸ਼ੋਕ ਚੋਪੜਾ ਨੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਇਸ ਦਾ ਵਿਸਥਾਰ ਕਰਨ 'ਤੇ ਖ਼ਾਸ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਪਾਰਟੀ ਦੀ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਰਕਰਾਂ ਨੂੰ ਹੋਰ ਸਰਗਰਮ ਹੋਣਾ ਪਵੇਗਾ | ਸੰਬੋਧਨ ਦੌਰਾਨ ਅਸ਼ੋਕ ਚੋਪੜਾ ਨੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੰਡਲ ਮਹਾਂਮੰਤਰੀ ਨਿਤਿਨ ਮਹਾਜਨ, ਸੀਨੀਅਰ ਮੀਤ ਪ੍ਰਧਾਨ ਵਿਜੇ ਕਾਟਲ, ਕੌਂਸਲਰ ਮੀਨੂ ਕੁਮਾਰੀ, ਐਡਵੋਕੇਟ ਲਵਨੀਸ਼ ਮਹਾਜਨ, ਸਾਹਿਲ ਮਹਾਜਨ, ਵਿਕਾਸ ਸਨੋਤਰਾ, ਲਵ ਮਹਾਜਨ, ਰਜਤ ਕੁਮਾਰ ਅਤੇ ਵਿਨੇ ਸਮੇਤ ਕਈ ਹੋਰ ਵਰਕਰ ਅਤੇ ਅਹੁਦੇਦਾਰ ਮੌਜੂਦ ਸਨ | ਅੰਤ ਵਿਚ ਮੰਡਲ ਪ੍ਰਧਾਨ ਨਿਪੁਨ ਗੁਪਤਾ ਨੇ ਭਰੋਸਾ ਦਿਵਾਇਆ ਕਿ ਨਾਰਥ ਮੰਡਲ ਪਠਾਨਕੋਟ ਦੇ ਸਾਰੇ ਵਰਕਰ ਨਵੇਂ ਪ੍ਰਭਾਰੀ ਦੀ ਅਗਵਾਈ ਹੇਠ ਸੰਗਠਨ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ |