ਪਠਾਨਕੋਟ, 15 ਅਪ੍ਰੈਲ (ਵਿਨੋਦ)- ਸੜਕ ਦੁਰਘਟਨਾ ਵਿਚ ਜ਼ਖਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਧਰੁਵ ਪੁੱਤਰ ਰਜਿੰਦਰ ਕੁਮਾਰ ਵਾਸੀ ਪਿੰਡ ਇਸਲਾਮਪੁਰ ਜ਼ਿਲ੍ਹਾ ਪਠਾਨਕੋਟ ਦੇ ਰੂਪ ਵਿਚ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕ ਧਰੁਵ ਦੇ ਭਰਾ ਚੇਤਨ ਮਹਿਰਾ ਨੇ ਦੱਸਿਆ ਕਿ ਉਸ ਦਾ ਭਰਾ ਧਰੁਵ ਜੋ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦਾ ਕੰਮ ਕਰਦਾ ਸੀ ਕਿ 11 ਅਪ੍ਰੈਲ ਨੂੰ ਉਹ ਸ਼ਾਮ ਨੂੰ ਆਪਣੇ ਘਰ ਆ ਰਿਹਾ ਸੀ ਕਿ 7:30 ਵਜੇ ਦੇ ਕਰੀਬ ਕਾਠ ਦੇ ਪੁੱਲ ਤੋਂ ਭੜੋਲੀ ਰੋਡ ਆਰਮੀ ਗੇਟ 'ਤੇ ਪਹੁੰਚਿਆ ਤਾਂ ਇਕ ਆਰਮੀ ਦੀ ਗੱਡੀ ਖੜੀ ਹੋਈ ਸੀ, ਜਿਸ ਦੀ ਨਾ ਤਾਂ ਕੋਈ ਰਿਫ਼ਲੈਕਟਰ ਲਾਈਟ ਸੀ, ਨਾ ਕੋਈ ਹੋਰ ਲਾਈਟ ਸੀ, ਜਿਸ ਕਾਰਨ ਹਨੇਰਾ ਤੇ ਮੀਂਹ ਕਾਰਨ ਧਰੁਵ ਦਾ ਮੋਟਰਸਾਈਕਲ ਗੱਡੀ ਵਿਚ ਜਾ ਵੱਜਿਆ ਜਿਸ ਦੇ ਚੱਲਦੇ ਉਹ ਗੰਭੀਰ ਜ਼ਖਮੀ ਹੋ ਗਿਆ | ਉਨ੍ਹਾਂ ਦੱਸਿਆ ਕਿ ਜ਼ਖਮੀ ਦੌਰਾਨ ਆਰਮੀ ਵਾਲਿਆਂ ਨੇ ਕੋਈ ਵੀ ਇਨਸਾਨੀਅਤ ਨਹੀਂ ਦਿਖਾਈ ਤੇ ਨਾ ਹੀ ਉਸ ਨੰੂ ਹਸਪਤਾਲ ਲੈ ਕੇ ਗਏ, ਸਗੋਂ ਇਕ ਰਾਹਗੀਰ ਵਲੋਂ ਜ਼ਖਮੀ ਧਰੁਵ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਚਾਰ ਦਿਨ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਉਹ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਹਨ | ਉਨ੍ਹਾਂ ਕਿਹਾ ਕਿ ਗੱਡੀ ਬਿਨਾਂ ਲਾਈਟਾਂ ਦੇ ਖੜੀ ਕਰਨ 'ਚ ਆਰਮੀ ਡਰਾਈਵਰ ਵਲੋਂ ਲਾਪਰਵਾਹੀ ਵਰਤੀ ਗਈ ਜਿਸ ਕਾਰਨ ਇਹ ਦੁਰਘਟਨਾ ਵਾਪਰੀ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ |