ਪਠਾਨਕੋਟ, 15 ਅਪ੍ਰੈਲ (ਸੰਧੂ)-ਅਖਿਲ ਭਾਰਤੀ ਕਸ਼ੱਤਰੀ ਮਹਾਂਸਭਾ ਦੇ ਇਕ ਵਫਦ ਨੇ ਰਾਸ਼ਟਰੀ ਪ੍ਰਧਾਨ ਠਾਕੁਰ ਮੋਹਿੰਦਰ ਸਿੰਘ ਤੰਵਰ, ਪੰਜਾਬ ਪ੍ਰਧਾਨ ਡਿੰਪਲ ਰਾਣਾ ਅਤੇ ਚੇਅਰਮੈਨ ਠਾਕੁਰ ਦਵਿੰਦਰ ਸਿੰਘ ਦਰਸ਼ੀ ਦੀ ਸਾਂਝੀ ਅਗਵਾਈ ਹੇਠ ਮਹਾਂਸਭਾ ਦੇ ਸਰਪ੍ਰਸਤ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਭੇਟ ਕੀਤੀ | ਇਸ ਮੌਕੇ ਮਹਾਂਸਭਾ ਦੇ ਅਹਿਮ ਅਹੁਦੇਦਾਰਾਂ ਨੇ ਕਸ਼ੱਤਰੀ ਸਮਾਜ ਨੂੰ ਹੋਰ ਇਕਜੁੱਟ ਕਰਕੇ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਬਣਾਉਣ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਕਸ਼ੱਤਰੀ ਕੌਮ ਦਾ ਇਤਿਹਾਸ ਸ਼ੌਰਯ, ਬਲੀਦਾਨ ਅਤੇ ਦੇਸ਼-ਭਗਤੀ ਨਾਲ ਭਰਪੂਰ ਹੈ | ਜਦੋਂ ਵੀ ਦੇਸ਼ ਦੀ ਸੁਰੱਖਿਆ 'ਤੇ ਸੰਕਟ ਆਇਆ, ਇਸ ਬਹਾਦਰ ਕੌਮ ਨੇ ਆਪਣੇ ਬਲੀਦਾਨਾਂ ਨਾਲ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਿਆ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਲੋੜ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜਾਣੂ ਕਰਵਾਈਏ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰੀਏ | ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਸ਼ੱਤਰੀਆਂ ਨੇ ਕਦੇ ਵੀ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਹਰ ਧਰਮ ਅਤੇ ਵਰਗ ਦਾ ਸਤਿਕਾਰ ਕਰਨਾ ਆਪਣੀ ਪਰੰਪਰਾ ਬਣਾਈ ਹੈ | ਇਸ ਮੌਕੇ ਮਹਾਂਸਭਾ ਦੇ ਆਗੂਆਂ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਸ਼ੱਤਰੀ ਕੌਮ ਨੂੰ ਸਿਰਫ਼ ਵੋਟ ਬੈਂਕ ਵਜੋਂ ਦੇਖਣਾ ਠੀਕ ਨਹੀਂ ਅਤੇ ਆਉਣ ਵਾਲੀਆਂ ਚੋਣਾਂ ਵਿਚ ਇਸ ਵੱਡੀ ਭਾਗੀਦਾਰੀ ਵਾਲੀ ਕੌਮ ਨੂੰ ਯੋਗ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਮਹਾਂਸਭਾ ਵਲੋਂ ਜਲਦ ਹੀ ਲੁਧਿਆਣਾ, ਪਠਾਨਕੋਟ ਅਤੇ ਚੰਡੀਗੜ੍ਹ ਵਿਚ ਮਹਾਰਾਣਾ ਪ੍ਰਤਾਪ ਜਯੰਤੀ ਸਮਾਗਮ ਕਰਵਾਏ ਜਾਣਗੇ ਅਤੇ ਪੰਜਾਬ ਭਰ ਵਿਚ ਕਸ਼ੱਤਰੀ ਸਮਾਜ ਨੂੰ ਇਕ ਮੰਚ 'ਤੇ ਲਿਆਉਣ ਲਈ ਸੰਪਰਕ ਅਭਿਆਨ ਚਲਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਠਾਕੁਰ ਵਿਕਰਮ ਸਿੰਘ, ਪ੍ਰੈਸ ਸਕੱਤਰ ਬਿੱਟਾ ਕਟਾਲ, ਸੰਤ ਸਿੰਘ ਰਾਣਾ, ਵਿਸ਼ਵਪਾਲ ਸਿੰਘ, ਕੁੰਵਰ ਸੰਤੋਖ ਸਿੰਘ, ਸ਼ਮਸ਼ੇਰ ਸਿੰਘ ਬਿੱਟੂ, ਨਰੋਤਮ ਸਿੰਘ, ਡੀ.ਐਸ. ਰਾਣਾ, ਰਾਕੇਸ਼ ਮਿਨਹਾਸ, ਜੇ.ਐਸ. ਸੂਰਿਆਵੰਸ਼ੀ ਸਮੇਤ ਹੋਰ ਮੈਂਬਰ ਹਾਜ਼ਰ ਸਨ |ਟੀਕੇ18