ਪਠਾਨਕੋਟ, 18 ਅਪ੍ਰੈਲ (ਸੁਮਿਤ)- ਜ਼ਿਲ੍ਹਾ ਪਠਾਨਕੋਟ ਦੀਆਂ ਦਾਣਾ ਮੰਡੀਆਂ ਵਿਚ ਚੱਲ ਰਹੀ ਕਣਕ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਡਾ: ਪੱਲਵੀ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ | ਇਸ ਦੌਰੇ ਦੌਰਾਨ ਉਨ੍ਹਾਂ ਨੇ ਦਾਣਾ ਮੰਡੀਆਂ ਅੰਦਰ ਪ੍ਰਬੰਧਾਂ ਦਾ ਜਾਇਜ਼ਾ ਲਿਆ | ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਸੁਝਾਵਾਂ ਨੂੰ ਵੀ ਧਿਆਨ ਨਾਲ ਸੁਣਿਆ | ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਾਜ ਰਿਸ਼ੀ ਮਹਿਰਾ, ਅਜੇ ਪਿ੍ੰਜਾ ਸਹਾਇਕ ਖੁਰਾਕ ਤੇ ਸਪਲਾਈ ਕੰਟਰੋਲਰ, ਵਿਕਰਮਜੀਤ ਸਿੰਘ ਜ਼ਿਲ੍ਹਾ ਮੰਡੀ ਅਫ਼ਸਰ, ਸੰਦੀਪ ਸਿੰਘ ਜ਼ਿਲ੍ਹਾ ਮੈਨੇਜਰ ਪਨਸਪ, ਗੁਰਪ੍ਰੀਤ ਸਿੰਘ ਜ਼ਿਲ੍ਹਾ ਮੈਨੇਜਰ ਮਾਰਕਫੈੱਡ, ਇੰਸਪੈਕਟਰ ਕੁਲਦੀਪ ਸਿੰਘ, ਇੰਸਪੈਕਟਰ ਤਰੁਣ ਗੁਪਤਾ, ਆੜ੍ਹਤੀ ਰਾਜਨ ਸ਼ਰਮਾ (ਸ਼ਰਮਾ ਟਰੇਡਰ), ਰਜਨੀਸ਼ ਅਰੋੜਾ ਸੁਪਰਵਾਈਜ਼ਰ ਮਾਰਕੀਟ ਕਮੇਟੀ ਤੇ ਸਬੰਧਤ ਵਿਭਾਗਾਂ ਦੇ ਹੋਰ ਅਧਿਕਾਰੀ ਹਾਜ਼ਰ ਸਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਤੇ ਮੰਡੀ ਵਿਚ ਸਾਰੀਆਂ ਬੁਨਿਆਦੀ ਸਹੂਲਤਾਂ ਵੀ ਉਪਲਬਧ ਕਰਵਾਈਆਂ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਪਠਾਨਕੋਟ ਦੀਆਂ ਸਾਰੀਆਂ 14 ਦਾਣਾ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਲਗਪਗ 1500 ਮੀਟਰਿਕ ਟਨ ਦੇ ਕਰੀਬ ਕਣਕ ਦੀ ਆਮਦ ਦਰਜ ਕੀਤੀ ਹੈ | ਇਸ ਵਿਚੋਂ ਤਕਰੀਬਨ 580 ਮੀਟਰਿਕ ਟਨ ਕਣਕ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅੱਜ ਤੋਂ ਲਿਫ਼ਟਿੰਗ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਮੰਡੀਆਂ ਵਿਚ ਬੁਨਿਆਦੀ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ |