ਫ਼ਤਹਿਗੜ੍ਹ ਚੂੜੀਆਂ, 21 ਅਪ੍ਰੈਲ (ਐੱਮ.ਐੱਸ. ਫੁੱਲ)-ਕਮਿਸ਼ਨਰ ਫੂਡ ਤੇ ਡਰੱਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਫੂਡ ਡਾ. ਜੀ.ਐੱਸ. ਪੰਨੂੰ ਵਲੋਂ ਫੂਡ ਸੇਫ਼ਟੀ ਅਫ਼ਸਰ ਸਿਮਰਤ ਕੌਰ ਸਮੇਤ ਫ਼ਤਹਿਗੜ੍ਹ ਚੂੜੀਆਂ ਦੇ ਵੱਖ-ਵੱਖ ਬਾਜ਼ਾਰਾਂ ਵਿਚ ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਰੇਹੜੀਆਂ ਦੀ ਚੈਕਿੰਗ ਕਰ ਕੇ ਉਨ੍ਹਾਂ ਦੇ ਨਮੂਨੇ ਭਰੇ ਗਏ | ਇਸ ਮੌਕੇ ਉਨ੍ਹਾਂ ਨੇ ਰੇਹੜੀਆਂ ਅਤੇ ਦੁਕਾਨਾਂ 'ਤੇ ਫਾਸਟ ਫੂਡ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਅਤੇ ਆਪਣੇ ਫੂਡ ਸੇਫ਼ਟੀ ਸਟੈਂਡਰਡ ਸਰਟੀਫਿਕੇਟ ਪਹਿਲ ਦੇ ਆਧਾਰ 'ਤੇ ਬਣਵਾਉਣ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰਾ ਸਾਮਾਨ ਵੇਚਿਆ ਜਾਵੇ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖਿਆ ਜਾਵੇ | ਉਨ੍ਹਾਂ ਫੂਡ ਸੇਫਟੀ ਵਿਭਾਗ ਵਲੋਂ ਚਲਾਈ ਜਾ ਰਹੀ ਵੈਨ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਕੇ ਦਸਤਾਨੇ ਅਤੇ ਸਿਰ 'ਤੇ ਪਾਉਣ ਵਾਲੀਆਂ ਟੋਪੀਆਂ ਵੀ ਵੰਡੀਆਂ | ਇਸ ਮੌਕੇ ਡਾ. ਜੀ.ਐੱਸ. ਪੰਨੂੰ ਨੇ ਕਿਹਾ ਕਿ ਅੱਜ ਕੱਲ੍ਹ ਲੋਕਾਂ ਵਿਚ ਖਾਣ-ਪੀਣ ਦਾ ਰੁਝਾਨ ਬਹੁਤ ਜ਼ਿਆਦਾ ਵਧ ਚੁੱਕਿਆ ਹੈ, ਜਿਸ ਨੂੰ ਵੇਖਦਿਆਂ ਫੂਡ ਤੇ ਡਰੱਗ ਵਿਭਾਗ ਵਲੋਂ ਸਮੇਂ-ਸਮੇਂ ਦੁਕਾਨਾਂ ਦੀ ਚੈਕਿੰਗ ਕਰ ਕੇ ਲੋੜੀਂਦੇ ਨਮੂਨੇ ਭਰੇ ਜਾਂਦੇ ਹਨ ਤਾਂ ਜੋ ਕਿਸੇ ਦੀ ਸਿਹਤ ਦਾ ਨੁਕਸਾਨ ਨਾ ਹੋ ਸਕੇ |