ਕਾਹਨੂੰਵਾਨ, 21 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)-ਹਰ ਸਾਲ ਕਣਕ ਅਤੇ ਝੋਨੇ ਦੀ ਅਨਾਜ ਮੰਡੀਆਂ ਵਿਚ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਡੀਕਰਨ ਬੋਰਡ ਵਲੋਂ ਮੰਡੀਆਂ ਦੇ ਫੜ੍ਹਾਂ ਦੀ ਸਫਾਈ ਦਾ ਕੰਮ ਠੇਕਾ ਅਧਾਰਤ ਪ੍ਰਣਾਲੀ ਰਾਹੀਂ ਕਰਵਾਉਣ ਦੀ ਜਿੱਥੇ ਕਥਿਤ ਘਪਲੇਬਾਜ਼ੀ ਹੋਣ ਦੀ ਚਰਚਾ ਹੈ, ਉਥੇ ਮੰਡੀਆਂ ਵਿਚ ਜਿਨਸ ਵੇਚਣ ਲਈ ਆਉਣ ਵਾਲੇ ਕਿਸਾਨਾਂ ਲਈ ਪੀਣ ਲਈ ਸਾਫ ਪਾਣੀ ਦਾ ਉਚਿਤ ਪ੍ਰਬੰਧ ਕਰਨ ਦੇ ਮਾਮਲੇ ਵਿਚ ਵੀ ਕਥਿਤ ਘੁਟਾਲੇ ਅਤੇ ਭਿ੍ਸਟਾਚਾਰ ਦੀ ਬੋ ਆ ਰਹੀ ਹੈ | ਜੇਕਰ ਇਸ ਸਬੰਧੀ ਕਿਸੇ ਉੱਚ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ ਤਾਂ ਇਕ ਬਹੁਤ ਵੱਡਾ ਘੁਟਾਲਾ ਸਾਹਮਣੇ ਆ ਸਕਦਾ ਹੈ | ਭਰੋਸੇਯੋਗ ਵਸੀਲਿਆਂ ਤੋ ਇਹ ਜਾਣਕਾਰੀ ਮਿਲੀ ਹੈ ਕਿ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਵਿਚ ਕਿਸਾਨਾਂ ਦੇ ਪੀਣ ਲਈ ਸਾਫ ਪਾਣੀ ਦੇ ਪ੍ਰਬੰਧ ਲਈ ਮੰਡੀਕਰਨ ਬੋਰਡ ਵਲੋਂ ਠੇਕਾ ਆਧਾਰਤ ਪ੍ਰਣਾਲੀ ਰਾਹੀਂ 40 ਦਿਨ ਲਈ ਵੱਡੀਆਂ ਦਾਣਾ ਮੰਡੀਆਂ ਵਿਚ 5 ਮੁਲਾਜ਼ਮਾਂ ਅਤੇ ਛੋਟੀਆਂ ਦਾਣਾ ਮੰਡੀਆਂ ਵਿਚ 3 ਮੁਲਾਜ਼ਮ ਰੱਖੇ ਜਾਂਦੇ ਹਨ, ਪਰ ਹਕੀਕਤ ਇਹ ਹੈ ਕਿ ਇਹ ਸਾਰੇ ਪ੍ਰਬੰਧ ਕਥਿਤ ਭਿ੍ਸ਼ਟਾਚਾਰ ਦੀ ਭੇਟ ਚੜ ਰਹੇ ਹਨ ਅਤੇ ਇਹ ਪ੍ਰਬੰਧ ਕੇਵਲ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਹਨ | ਮੰਡੀਆਂ ਵਿਚ ਪੀਣ ਵਾਲੇ ਪ੍ਰਬੰਧਾਂ ਦੀ ਘਾਟ ਬਾਰੇ ਕਿਸਾਨਾਂ ਵਲੋਂ ਸ਼ਿਕਾਇਤ 'ਤੇ ਇਸ ਬਾਰੇ ਘੋਖ ਕਰਨ ਲਈ ਅੱਜ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ ਤਾਂ ਮਾਰਕੀਟ ਕਮੇਟੀ ਕਾਹਨੂੰਵਾਨ ਅਧੀਨ ਪੈਂਦੀ ਦਾਣਾ ਮੰਡੀ ਲਾਧੂਪੁਰ, ਨਿਮਾਣੇ ਬਜਾੜ੍ਹ ਅਤੇ ਭੱਠੀਆਂ ਵਿਚ ਪਾਣੀ ਦਾ ਬੂਥ ਤਾਂ ਲੱਗਾ ਹੋਇਆ ਸੀ, ਪਰ ਕਿਸਾਨਾਂ ਨੂੰ ਪਾਣੀ ਪਿਲਾਉਣ ਲਈ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਸੀ | ਦਾਣਾ ਮੰਡੀ ਕਾਹਨੂੰਵਾਨ ਅੰਦਰ ਦੇਖਣ ਵਿਚ ਆਇਆ ਕਿ ਮਾਰਕੀਟ ਕਮੇਟੀ ਦਫ਼ਤਰ ਵਿਚ ਤਾਇਨਾਤ ਚੌਂਕੀਦਾਰ ਦੀ ਡਿਊਟੀ ਕਿਸਾਨਾਂ ਨੂੰ ਪਾਣੀ ਪਿਲਾਉਣ 'ਤੇ ਲਗਾਈ ਗਈ ਹੈ | ਜਦਕਿ ਠੇਕੇ 'ਤੇ ਪਾਣੀ ਪਿਲਾਉਣ ਲਈ ਰੱਖੇ ਗਏ ਮੁਲਾਜ਼ਮ ਇਥੋਂ ਗਾਇਬ ਸਨ | ਕੁਝ ਜਾਣਕਾਰ ਆੜ੍ਹਤੀਆਂ ਨੇ ਆਪਣਾ ਨਾਂਅ ਖ਼ਬਰ ਵਿਚ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਪਿਲਾਉਣ ਲਈ ਪਾਣੀ ਤੇ ਹੋਰ ਪ੍ਰਬੰਧਾਂ ਲਈ ਚੰਡੀਗੜ੍ਹ ਬੈਠੇ ਹੋਏ ਠੇਕੇਦਾਰਾਂ ਵਲੋਂ ਠੇਕਾ ਲਿਆ ਗਿਆ ਹੈ, ਜਿਨਾਂ ਨੂੰ ਸਾਡੇ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਦੀ ਜ਼ਮੀਨੀ ਹਕੀਕਤ ਬਾਰੇ ਕੋਈ ਜਾਣਕਾਰੀ ਨਹੀਂ | ਆੜ੍ਹਤੀਆਂ ਨੇ ਮੰਗ ਕੀਤੀ ਕਿ ਠੇਕਾ ਅਧਾਰਤ ਪ੍ਰਣਾਲੀ ਦੇ ਤਹਿਤ ਮੰਡੀਆਂ ਵਿਚ ਰੱਖੇ ਮੁਲਾਜ਼ਮਾਂ ਬਾਰੇ ਜਾਂਚ ਕੀਤੀ ਜਾਵੇ | ਇਥੇ ਇਹ ਵੀ ਵਰਨਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਦੇ ਉੱਚ ਅਫਸਰਾਂ ਦੀ ਇਕ ਟੀਮ ਵਲੋਂ ਦਾਣਾ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਨੂੰ ਘੋਖਣ ਲਈ ਜ਼ਿਲ੍ਹੇ ਦੀਆਂ ਕਈ ਮੰਡੀਆਂ ਦਾ ਦੌਰਾ ਕੀਤਾ ਗਿਆ ਸੀ | ਇਸ ਬਾਰੇ ਪਤਾ ਲੱਗਣ 'ਤੇ ਮੰਡੀ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਮੰਡੀ ਵਿਚ ਕੰਮ ਕਰਦੇ ਮਜ਼ਦੂਰਾਂ ਦੀ ਡਿਊਟੀ ਕਿਸਾਨਾਂ ਨੂੰ ਪਾਣੀ ਪਿਲਾਉਣ 'ਤੇ ਲਗਾ ਦਿੱਤੀ ਗਈ | ਇਸ ਸਬੰਧੀ ਜਦੋਂ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਜਸਵਿੰਦਰ ਸਿੰਘ ਪੱਖ ਲਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਖੁਦ ਮੰਡੀਆਂ ਦਾ ਦੌਰਾ ਕਰ ਕੇ ਪ੍ਰਬੰਧਾਂ ਬਾਰੇ ਘੋਖ ਕਰਨਗੇ ਅਤੇ ਮਾਰਕੀਟ ਕਮੇਟੀ ਸਕੱਤਰ ਨੂੰ ਕਮੀਆਂ ਦੂਰ ਕਹਿਣ ਲਈ ਹਦਾਇਤਾਂ ਜਾਰੀ ਕਰ ਰਹੇ ਹਨ | ਹੁਣ ਇਹ ਦੇਖਣਾ ਹੋਵੇਗਾ ਕਿ ਭਿ੍ਸ਼ਟਾਚਾਰ ਵਿਰੋਧੀ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਪੰਜਾਬ 'ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਕਥਿਤ ਘੁਟਾਲੇ ਦੀ ਜਾਂਚ ਕਰਵਾਏਗੀ ਜਾਂ ਭਿ੍ਸ਼ਟਾਚਾਰ ਵਿਰੋਧੀ ਬਿਆਨ ਮੀਡੀਆ ਤੱਕ ਹੀ ਸੀਮਤ ਰਹਿ ਜਾਣਗੇ |