ਸ੍ਰੀ ਹਰਗੋਬਿੰਦਪੁਰ, 21 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)-ਉੱਤਰਾਖੰਡ ਦੇ ਰਾਜਪਾਲ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਸ: ਗੁਰਮੀਤ ਸਿੰਘ ਨੇ ਆਪਣੀ ਪੰਜਾਬ ਫੇਰੀ ਦੌਰਾਨ ਜੂਨ 2026 ਵਿਚ ਸ਼ੁਰੂ ਹੋਣ ਵਾਲੇ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.)-156 ਕੋਰਸ ਲਈ ਮਾਝੇ ਤੋਂ ਚੁਣੇ ਗਏ 4 ਨੌਜਵਾਨਾਂ ਰਾਜਪਾਲ ਸਿੰਘ, ਪਰਮਜੋਤ ਸਿੰਘ, ਏਕਨੂਰ ਸਿੰਘ ਅਤੇ ਸੁਖਮਨਜੀਤ ਸਿੰਘ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਇਨ੍ਹਾਂ ਨੌਜਵਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੇਸ਼ ਦੀ ਸੇਵਾ ਲਈ ਚੁਣਿਆ ਜਾਣਾ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਨੈਸ਼ਨਲ ਡਿਫ਼ੈਂਸ ਅਕੈਡਮੀ (ਐੱਨ.ਡੀ.ਏ.) ਵਿਚ ਚੁਣੇ ਜਾਣ ਵਾਲੇ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਤੇ ਸਮਰਪਣ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸ੍ਰੋਤ ਹੈ | ਰਾਜਪਾਲ ਨੇ ਇਨ੍ਹਾਂ ਨੌਜਵਾਨਾਂ ਨੂੰ ਆਪਣੀ ਸਿਖਲਾਈ ਦੌਰਾਨ ਪੂਰੇ ਜੋਸ਼ ਤੇ ਇਮਾਨਦਾਰੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਇਹ ਵੀ ਦੱਸਿਆ ਕਿ ਫ਼ੌਜੀ ਜੀਵਨ ਸਿਰਫ਼ ਨੌਕਰੀ ਨਹੀਂ, ਸਗੋਂ ਦੇਸ਼ ਪ੍ਰਤੀ ਸੇਵਾ ਤੇ ਸਮਰਪਣ ਦੀ ਮਿਸਾਲ ਹੈ | ਇਸ ਦੌਰਾਨ ਉਕਤ ਨੌਜਵਾਨਾਂ ਨੇ ਵੀ ਰਾਜਪਾਲ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਮਾਰਗ ਦਰਸ਼ਨ ਲਈ ਧੰਨਵਾਦ ਪ੍ਰਗਟਾਇਆ | ਰਾਜਪਾਲ ਵਲੋਂ ਐੱਨ.ਡੀ.ਏ. ਲਈ ਚੁਣੇ ਗਏ ਚਾਰੇ ਨੌਜਵਾਨਾਂ ਨੂੰ ਹੌਂਸਲਾ ਅਫ਼ਜਾਈ ਵਜੋਂ ਉਤਰਾਖੰਡ ਰਾਜ ਭਵਨ ਵਲੋਂ ਸਨਮਾਨ ਚਿੰਨ੍ਹ ਦਿੱਤੇ ਗਏ | ਇਸ ਮੌਕੇ ਸਰਪੰਚ ਗੁਰਵੇਲ ਸਿੰਘ, ਗੁਰਪ੍ਰੀਤ ਸਿੰਘ ਜਲਾਲ, ਮਲਕੀਅਤ ਸਿੰਘ, ਸਤਨਾਮ ਸਿੰਘ ਗਾਲੋਵਾਲ, ਕਸ਼ਮੀਰ ਸਿੰਘ ਸੈਣੀ, ਸੁਰਜੀਤ ਸਿੰਘ, ਮੰਜੂ ਕਾਹਲੋਂ, ਰਜਵੰਤ ਕੌਰ ਆਦਿ ਹਾਜ਼ਰ ਸਨ |