ਘਰੋਟਾ, 22 ਅਪ੍ਰੈਲ (ਸੰਜੀਵ ਗੁਪਤਾ)- ਘਰੋਟਾ ਵਿਖੇ ਸਥਿਤ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਵਿਚ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਦੇਸ਼ ਦੀ ਉੱਨਤੀ ਵਿਚ ਇਕ ਸਿੱਖਿਅਤ ਸਮਾਜ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਤਾਂ ਉਹ ਭਵਿੱਖ ਵਿਚ ਦੇਸ਼ ਦੇ ਮਜ਼ਬੂਤ ਸਤੰਭ ਬਣ ਸਕਦੇ ਹਨ | ਸਮਾਗਮ ਦੀ ਅਗਵਾਈ ਸੈਂਟਰ ਹੈੱਡ ਟੀਚਰ ਗੁਲਸ਼ਨ ਸਿਆਲ ਵਲੋਂ ਕੀਤੀ ਗਈ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡੀ.ਈ.ਓ. ਕਮਲਦੀਪ ਕੌਰ, ਚੇਅਰਮੈਨ ਪਵਨ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਤੇ ਸਰਪੰਚ ਸੰਜੀਵ ਕੁਮਾਰ ਹਾਜ਼ਰ ਰਹੇ | ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲਗਪਗ 7 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਕਮਰਿਆਂ ਦਾ ਉਦਘਾਟਨ ਕੀਤਾ | ਉਨ੍ਹਾਂ ਦੱਸਿਆ ਕਿ ਇਸ ਸਕੂਲ ਨੂੰ 'ਸਕੂਲ ਆਫ਼ ਹੈਪੀਨੈਸ' ਵਿਚ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਇੱਥੇ ਵਿਸ਼ਾਲ ਭਵਨ ਦਾ ਨਿਰਮਾਣ ਵੀ ਜਾਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਆਪਣਾ ਵਧੀਆ ਮੁਕਾਮ ਹਾਸਲ ਕਰਨ | ਮੰਤਰੀ ਨੇ ਅਧਿਆਪਕਾਂ ਦੀ ਭੂਮਿਕਾ ਨੂੰ ਵੀ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਇਕ ਮਿਹਨਤੀ ਅਧਿਆਪਕ ਨੂੰ ਵਿਦਿਆਰਥੀ ਸਾਰੀ ਉਮਰ ਯਾਦ ਰੱਖਦੇ ਹਨ | ਉਨ੍ਹਾਂ ਆਪਣੇ ਸਕੂਲ ਦੇ ਦਿਨਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ | ਇਸ ਦੇ ਨਾਲ ਹੀ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਹਰ ਸੰਭਵ ਸੁਵਿਧਾ ਮੁਹੱਈਆ ਕਰਵਾਉਣ | ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਮੰਤਰੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਪੰਕਜ ਮਹਾਜਨ, ਦੇਵ ਦੱਤ ਮਹਾਜਨ, ਰਣਜੀਤ ਸਿੰਘ, ਰਾਜ ਕੁਮਾਰ, ਐਡਵੋਕੇਟ ਰਣਜੀਤ ਸਿੰਘ ਸਮੇਤ ਸਟਾਫ਼ ਤੇ ਮਾਪੇ ਹਾਜ਼ਰ ਸਨ |