ਅਲੀਵਾਲ, 26 ਅਪ੍ਰੈਲ (ਸੁੱਚਾ ਸਿੰਘ ਬੁੱਲੋਵਾਲ)-ਆਮ ਆਦਮੀ ਪਾਰਟੀ ਦੇ ਸ਼ਾਸਨ ਕਾਲ 'ਚ ਸਾਰੇ ਖੇਤਰਾਂ ਵਿਚ ਬਹੁਤ ਵਿਕਾਸ ਹੋਇਆ ਹੈ ਪਰ ਸਿਹਤ ਤੇ ਸਿੱਖਿਆ ਖੇਤਰ 'ਚ ਬਹੁਤ ਵੱਡੀ ਕ੍ਰਾਂਤੀ ਆਈ ਹੈ ਜਿਸ ਨਾਲ ਸਿਹਤ ਖੇਤਰ ਵਿਚ ਪੰਜਾਬੀਆਂ ਨੂੰ ਬਹੁਤ ਸਹੂਲਤਾਂ ਮਿਲੀਆਂ ਹਨ | ਸਿੱਖਿਆ ਖੇਤਰ ਦੀ ਕ੍ਰਾਂਤੀ ਨਾਲ ਨਵੀਆਂ ਇਮਾਰਤਾਂ, ਬੱਚਿਆਂ ਦੇ ਬੈਠਣ ਵਧੀਆ ਪ੍ਰਬੰਧ, ਹਰ ਸਕੂਲ 'ਚ ਮੁੰਡੇ-ਕੁੜੀਆਂ ਲਈ ਅਲੱਗ-ਅਲੱਗ ਬਾਥਰੂਮ ਦੀ ਸੁਵਿਧਾ ਪ੍ਰਦਾਨ ਕੀਤੀ ਗਈ | ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਅਲੀਵਾਲ 'ਚ ਬਣੇ ਨਵੇਂ ਕਮਰੇ ਦਾ ਰਾਜੀਵ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਫ਼ਤਹਿਗੜ੍ਹ ਚੂੜੀਆਂ, ਪਿ੍ੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਮਾਝਾ ਜ਼ੋਨ ਸਿੱਖਿਆ ਵਿੰਗ ਦੇ ਇੰਚਾਰਜ, ਸੋਸ਼ਲ ਮੀਡੀਆ ਦੇ ਜ਼ਿਲ੍ਹਾ ਸੈਕਟਰੀ ਗੁਰਵਿੰਦਰ ਸਿੰਘ ਕੋਟਲਾ ਬਾਮਾ ਵਲੋਂ ਸਕੂਲ ਦੇ ਕਮਰੇ ਦਾ ਉਦਘਾਟਨ ਕੀਤਾ ਗਿਆ | ਇਸ ਕਮਰੇ 'ਤੇ ਕਰੀਬ 9 ਲੱਖ ਰੁਪਏ ਦੀ ਲਾਗਤ ਆਈ ਹੈ | ਮਾਝਾ ਜ਼ੋਨ ਸਿੱਖਿਆ ਵਿੰਗ ਦੇ ਇੰਚਾਰਜ ਪਿ੍ੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ 'ਆਪ' ਸਰਕਾਰ ਸਿੱਖਿਆ ਖੇਤਰ ਵਿਚ ਬਹੁਤ ਸ਼ਾਨਦਾਰ ਕੰਮ ਰਹੀ ਹੈ | ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿੱਜੀ ਸਕੂਲਾਂ ਵਾਲੀਆਂ ਸਹੂਲਤਾਂ ਪ੍ਰਦਾਨ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਅਧਿਆਪਕਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਤੇ ਹੁਣ ਹੋਰ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਤਾਂ ਜੋ ਕੋਈ ਵੀ ਸਕੂਲ ਬਿਨਾਂ ਅਧਿਆਪਕ ਨਾ ਰਹੇ |