ਗੁਰਦਾਸਪੁਰ, 1 ਮਈ (ਚੱਕਰਾਜਾ)-ਕਾਂਗਰਸ ਦੇ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਭਾਈ ਅੰਮਿ੍ਤਪਾਲ ਸਿੰਘ ਸਬੰਧੀ ਦਿੱਤਾ ਬਿਆਨ ਇਹ ਸਾਬਤ ਕਰਦਾ ਹੈ ਕਿ ਕਾਂਗਰਸ ਅੰਦਰਲੀ ਸਿੱਖ ਨਫ਼ਰਤ ਅਜੇ ਵੀ ਬਰਕਰਾਰ ਹੈ | ਉਨ੍ਹਾਂ ਦੇ ਇਸ ਬਿਆਨ ਨੰੂ ਸਿਆਸੀ ਲਾਹਾ ਲੈਣ ਲਈ ਲੋਕਾਂ 'ਚ ਭਰਮ ਪੈਦਾ ਕਰਨ ਦੀ ਕੀਤੀ ਕੋਸ਼ਿਸ਼ ਕਿਹਾ ਜਾ ਸਕਦਾ ਹੈ | ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਇੰਚਾਰਜ ਐਡਵੋਕੇਟ ਅਜੇਪਾਲ ਸਿੰਘ ਢਿੱਲੋਂ ਨੇ ਕੀਤਾ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਸਖਤ ਸੁਰੱਖਿਆ ਹੇਠ ਨਜ਼ਰਬੰਦ ਹਨ, ਅਜਿਹੇ ਹਾਲਾਤਾਂ ਵਿਚ ਉਨ੍ਹਾਂ ਨੰੂ ਕਿਸੇ ਤਾਜ਼ਾ ਘਟਨਾ ਨਾਲ ਜੋੜਨਾ ਸਿਰਫ਼ ਝੂਠਾ ਪ੍ਰਚਾਰ ਹੈ | ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਸਬੂਤ ਦੇ ਦੋਸ਼ ਲਗਾਉਣਾ ਲੋਕਤੰਤਰਿਕ ਮਰਿਆਦਾ ਦੇ ਖ਼ਿਲਾਫ਼ ਹੈ ਅਤੇ ਜੇਕਰ ਕਿਸੇ ਕੋਲ ਸਬੂਤ ਹੈ ਤਾਂ ਉਹ ਅਦਾਲਤ 'ਚ ਪੇਸ਼ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਅਸਲ 'ਚ ਭਾਈ ਅੰਮਿ੍ਤਪਾਲ ਸਿੰਘ ਦੀ ਵਧਦੀ ਲੋਕਪ੍ਰੀਅਤਾ ਤੋਂ ਘਬਰਾਈ ਕਾਂਗਰਸ ਹੁਣ ਸਟੇਟ ਦੇ ਝੂਠੇ ਪੋ੍ਰਪੋ ਗੰਡੇ ਦਾ ਮੁਹਰਾ ਬਣ ਰਹੀ ਹੈ | ਜਦੋਂ ਕਿ ਕਾਂਗਰਸ ਨੰੂ ਨਫ਼ਰਤ ਛੱਡ ਕੇ ਆਪਸੀ ਚਿੰਤਨ ਕਰਨ ਦੀ ਲੋੜ ਹੈ | ਉਨ੍ਹਾਂ 1984 ਦੇ ਦਿੱਲੀ ਕਤਲੇਆਮ, ਪੰਜਾਬ ਵਿਚ ਹੋਈਆਂ ਝੂਠੀਆਂ ਮੁੱਠਭੇੜਾਂ ਤੇ ਨੌਜਵਾਨਾਂ 'ਤੇ ਹੋਏ ਜ਼ੁਲਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਇਨ੍ਹਾਂ ਕਾਲੇ ਅਧਿਆਇਆਂ ਦਾ ਇਨਸਾਫ਼ ਨਹੀਂ ਦੇ ਸਕੀ, ਉਹ ਅੱਜ ਸਿੱਖ ਨੌਜਵਾਨੀ ਨੰੂ ਕਟਹਿਰੇ 'ਚ ਖੜ੍ਹਾ ਕਰਨ ਦਾ ਨਾਟਕ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਨੇ ਪੰਜਾਬ ਦੀ ਜਵਾਨੀ ਨੰੂ ਨਸ਼ਿਆਂ ਤੋਂ ਦੂਰ ਕਰਨ ਤੇ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਜੋੜਨ ਦਾ ਕੰਮ ਕੀਤਾ ਹੈ, ਉਨ੍ਹਾਂ ਨੰੂ ਕਿਸੇ ਵੀ ਭਾਈਚਾਰੇ ਲਈ ਖ਼ਤਰਾ ਦੱਸਣਾ ਸਿਆਸਤ ਤੋਂ ਪ੍ਰੇਰਿਤ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ, ਹਮੇਸ਼ਾ ਸੱਚ ਅਤੇ ਪੰਜਾਬ ਦੇ ਹੱਕਾਂ ਲਈ ਡਟਿਆ ਰਹੇਗਾ |