ਬਟਾਲਾ, 2 ਮਈ (ਸਤਿੰਦਰ ਸਿੰਘ)-ਪੰਜਾਬ ਦੇ 'ਸ਼ਾਂਤੀ ਨਿਕੇਤਨ' ਵਜੋਂ ਜਾਣੀ ਜਾਂਦੀ ਮਹਾਨ ਵਿੱਦਿਅਕ ਸੰਸਥਾ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਅਧੀਨ ਚੱਲ ਰਹੇ ਸ਼੍ਰੀ ਖੜਗਧਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ਵਿੰਗ) ਵਲੋਂ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਆਰੰਭਤਾ ਬੇਹੱਦ ਸ਼ਰਧਾ ਤੇ ਅਧਿਆਤਮਿਕ ਉਤਸ਼ਾਹ ਨਾਲ ਕੀਤੀ ਗਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਵਿਸ਼ੇਸ਼ ਅਰਦਾਸ ਦਿਵਸ ਕਰਵਾਇਆ ਗਿਆ, ਜਿਸ ਨੇ ਸਮੁੱਚੇ ਕੈਂਪਸ ਨੂੰ ਆਤਮਿਕ ਊਰਜਾ ਨਾਲ ਭਰ ਦਿੱਤਾ | ਗੁਰਬਾਣੀ ਦੇ ਪਾਵਨ ਮਹਾਂਵਾਕ 'ਤੂ ਠਾਕੁਰ ਤੁਮ ਪਹਿ ਅਰਦਾਸਿ' ਦੀ ਛਾਇਆ ਹੇਠ ਸੱਜੇ ਇਸ ਸਮਾਗਮ ਵਿਚ ਸਮੂਹ ਵਿਦਿਆਰਥੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ | ਇਸ ਤੋਂ ਬਾਅਦ ਸ਼ਬਦ ਕੀਰਤਨ ਦੀਆਂ ਸੁਰੀਲੀਆਂ ਧੁਨਾਂ ਨੇ ਸਮੁੱਚੇ ਵਾਤਾਵਰਣ ਨੂੰ ਅਲੌਕਿਕ ਆਨੰਦ ਨਾਲ ਸਰਾਬੋਰ ਕਰ ਦਿੱਤਾ | ਵਿਦਿਆਰਥੀਆਂ ਨੇ ਵਿਸ਼ੇਸ਼ ਮੈਗਜ਼ੀਨ ਅਤੇ ਪ੍ਰੇਰਣਾਦਾਇਕ ਬੋਰਡ ਵੀ ਤਿਆਰ ਕੀਤੇ ਅਤੇ ਹਰ ਵਿਦਿਆਰਥੀ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਆਪਣੇ ਜੀਵਨ-ਟੀਚਿਆਂ ਨੂੰ ਪੂਰਾ ਕਰਨ ਦਾ ਪੱਕਾ ਅਹਿਦ ਲਿਆ | ਇਸ ਮੌਕੇ ਸ਼੍ਰੀ ਖੜਗਧਾਰੀ ਸਕੂਲ ਦੇ ਮੁੱਖ ਅਧਿਆਪਕ ਸ: ਹਰਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਸ ਸੰਸਥਾ ਦੀ ਇਕ ਵਿਲੱਖਣ ਅਤੇ ਮਾਣਯੋਗ ਪਰੰਪਰਾ ਹੈ ਕਿ ਲੜਕੇ ਵਿਭਾਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਅਤੇ ਪਾਠ ਦਾ ਸਮੁੱਚਾ ਕਾਰਜ ਲੜਕਿਆਂ ਵਲੋਂ ਕੀਤਾ ਜਾਂਦਾ ਹੈ | ਪਿ੍ੰਸੀਪਲ ਸ: ਸਵਰਨ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਅਨਮੋਲ ਸਿਧਾਂਤਾਂ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਉਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਇਮਾਨਦਾਰੀ ਅਤੇ ਸੱਚਾਈ ਨਾਲ ਮਿਹਨਤ ਕਰਨ ਵਾਲੇ ਵਿਦਿਆਰਥੀ ਹੀ ਉੱਚੇ ਆਦਰਸ਼ਾਂ ਵਾਲਾ ਕਿਰਦਾਰ ਘੜਦੇ ਹਨ ਅਤੇ ਜ਼ਿੰਦਗੀ ਵਿਚ ਸੱਚੀ ਕਾਮਯਾਬੀ ਹਾਸਲ ਕਰਦੇ ਹਨ | ਪਿ੍ੰਸੀਪਲ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਭਰਪੂਰ ਸ਼ਾਲਾਘਾ ਕਰਦਿਆਂ ਅੱਗੇ ਵਧ ਕੇ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਨਿਵਾਜਣ ਦਾ ਵਾਅਦਾ ਵੀ ਕੀਤਾ | ਸ: ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਇਹ ਸੰਸਥਾ ਕੇਵਲ ਇਕ ਸਕੂਲ ਨਹੀਂ, ਸਗੋਂ ਇਕ ਵਿਸ਼ਾਲ ਪਰਿਵਾਰ ਹੈ | ਉਨ੍ਹਾਂ ਦੱਸਿਆ ਕਿ ਇਸ ਮਹਾਨ ਅਦਾਰੇ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਹਜ਼ਾਰਾਂ ਵਿਦਿਆਰਥੀ ਅੱਜ ਦੇਸ਼-ਵਿਦੇਸ਼ ਵਿਚ ਉੱਚੇ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ ਅਤੇ ਇਸ ਸੰਸਥਾ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਅੱਜ ਵੀ ਮਾਣ ਨਾਲ ਚੇਤੇ ਕਰਦੇ ਹਨ | ਉਨ੍ਹਾਂ ਵਿਦਿਆਰਥੀਆਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਉਹ ਆਪਣੀ ਮਿਹਨਤ ਤੇ ਲਗਨ ਸਦਕਾ ਇਸ ਨਵੇਂ ਯੁੱਗ ਵਿਚ ਚਮਕਦਾਰ ਭਵਿੱਖ ਵਲ ਯਕੀਨਨ ਵੱਧ ਰਹੇ ਹਨ | ਸਮਾਗਮ ਦੇ ਅੰਤ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਆਪਣਾ ਕਾਰਜ ਪੂਰੀ ਸ਼ਰਧਾ ਤੇ ਸਮਰਪਣ ਨਾਲ ਕਰਨ ਦਾ ਸਾਂਝਾ ਪ੍ਰਣ ਲਿਆ | ਇਸ ਪਾਵਨ ਮੌਕੇ ਮੈਡਮ ਜਗਦੀਸ਼ ਕੌਰ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਉੱਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |