ਗੁਰਦਾਸਪੁਰ, 3 ਮਈ (ਗੁਰਪ੍ਰਤਾਪ ਸਿੰਘ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਵਲੋਂ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਸਬੰਧੀ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ | ਜਿਸ 'ਚ ਵੱਖ-ਵੱਖ ਵਿਭਾਗਾਂ ਵਲੋਂ ਟਰੇਡਰਜ਼ ਕਮਿਸ਼ਨ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੀਤੇ ਕੰਮਾਂ ਦੀ ਵਿਸਥਾਰ ਵਿਚ ਜਾਣਕਾਰੀ ਲਈ ਗਈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ (ਜ) ਕੁਲਦੀਪ ਚੰਦ, ਐਸ.ਪੀ (ਐੱਚ) ਗੁਰਦਾਸਪੁਰ, ਜੁਗਰਾਜ ਸਿੰਘ, ਸਿਵਲ ਤੇ ਪੁਲਿਸ ਅਧਿਕਾਰੀ ਤੇ ਵੱਖ-ਵੱਖ ਹਲਕਿਆਂ ਦੇ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਹਾਜ਼ਰ ਹੋਏ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਟਰੇਡਰਜ਼ ਕਮਿਸ਼ਨ ਨਾਲ ਸਬੰਧਿਤ ਮੁਸ਼ਕਿਲਾਂ ਸਬੰਧੀ ਕੀਤੇ ਰੀਵਿਊ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਕਮਿਸ਼ਨ ਨਾਲ ਸਬੰਧਿਤ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾ ਰਿਹਾ ਹੈ, ਕੂੜੇ ਦੇ ਢੇਰਾਂ ਨੂੰ ਚੁੱਕਿਆ ਗਿਆ ਹੈ ਤੇ ਲਗਾਤਾਰ ਸਫ਼ਾਈ ਕੀਤੀ ਜਾ ਰਹੀ ਹੈ | ਬਾਜ਼ਾਰਾਂ 'ਚ ਬਿਜਲੀ ਦੀਆਂ ਤਾਰਾਂ ਬਦਲੀ ਕਰਨ ਲਈ ਐਸਟੀਮੇਟ ਪਾਸ ਹੋ ਗਿਆ ਹੈ | ਇਸੇ ਤਰ੍ਹਾਂ ਦੋਰਾਂਗਲਾ ਵਿਖੇ ਸਫ਼ਾਈ ਵਿਵਸਥਾ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ ਤੇ ਬਿਜਲੀ ਦੀਆਂ ਤਾਰ੍ਹਾਂ ਠੀਕ ਕੀਤੀਆਂ ਜਾ ਰਹੀਆਂ ਹਨ | ਅਧਿਕਾਰੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਵੱਖ-ਵੱਖ ਹਲਕਿਆਂ 'ਚ ਟਰੇਡਰਜ਼ ਕਮਿਸ਼ਨ ਨਾਲ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਹੈ ਤੇ ਰਹਿੰਦੀਆਂ ਮੁਸ਼ਕਿਲਾਂ ਦਾ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ | ਇਸ ਮੌਕੇ ਵੱਖ-ਵੱਖ ਹਲਕਿਆਂ ਤੋਂ ਪਹੁੰਚੇ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨਾਂ ਵਲੋਂ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਜਾ ਰਹੇ ਕਾਰਜਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ |