ਕੁਰਾਲੀ, 3 ਮਈ (ਬਿੱਲਾ ਅਕਾਲਗੜ੍ਹੀਆ)- ਮਿਸਲ ਸਤਲੁਜ ਵਲੋਂ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਫ਼ਤਿਹਗੜ੍ਹ ਪੈਲੇਸ ਕੁਰਾਲੀ ਵਿਖੇ ਰੱਖੀ ਗਈ 'ਚੜ੍ਹਦੀ ਕਲਾ ਰੈਲੀ' ਤੇ ਪੁਲਿਸ ਪ੍ਰਸ਼ਾਸਨ ਵਲੋਂ ਰੋਕ ਲਗਾਏ ਜਾਣ ਦੇ ਵਿਰੋਧ 'ਚ ਇਕੱਤਰ ਹੋਏ ਲੋਕਾਂ ਵਲੋਂ ਕੁਰਾਲੀ-ਸਿਸਵਾਂ ਰੋਡ 'ਤੇ ਧਰਨਾ ਲਗਾ ਕੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੁਲਿਸ ਜ਼ਰੀਏ ਨਾਜਾਇਜ਼ ਤੌਰ 'ਤੇ ਦਖ਼ਲ-ਅੰਦਾਜ਼ੀ ਕਰਦਿਆਂ ਰੈਲੀ ਨਹੀਂ ਹੋਣ ਦਿੱਤੀ ਗਈ | ਇਸ ਰੈਲੀ 'ਚ ਖਰੜ ਹਲਕੇ 'ਚੋਂ ਵੱਡੀ ਗਿਣਤੀ ਮਿਸਲ ਸਤਲੁਜ ਦੇ ਮੈਂਬਰ ਅਤੇ ਹੋਰ ਸਾਥੀ ਸ਼ਾਮਿਲ ਹੋਣ ਜਾ ਰਹੇ ਸਨ, ਜਿਸ ਕਾਰਨ ਸਰਕਾਰ ਵਲੋਂ ਸਥਾਨਕ ਪ੍ਰਸ਼ਾਸਨ ਰਾਹੀਂ ਇਸ 'ਤੇ ਰੋਕ ਲਗਾ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਦੇ ਚਲਦਿਆਂ ਮਿਸਲ ਸਤਲੁਜ ਦੇ ਮੈਂਬਰਾਂ ਤੇ ਸਮਰਥਕਾਂ ਵਲੋਂ ਕੁਰਾਲੀ-ਸਿਸਵਾਂ ਮਾਰਗ 'ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਿਸਲ ਵਲੋਂ ਸਰਕਾਰ/ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਇਸ ਉਪਰੰਤ ਮਿਸਲ ਸਤਲੁਜ ਵਲੋਂ ਕੁਰਾਲੀ-ਸਿਸਵਾਂ ਮਾਰਗ ਤੋਂ ਲੈ ਕੇ ਮੱੁਲਾਂਪੁਰ ਤੱਕ ਰੋਡ ਸ਼ੋਅ ਵੀ ਕੱਢਿਆ ਗਿਆ | ਇਸ ਮੌਕੇ ਹਾਜ਼ਰੀਨਾਂ ਵਲੋਂ ਪੰਜਾਬ ਨੂੰ ਮੁੜ ਤੋਂ ਪਹਿਲੇ ਨੰਬਰ ਵਾਲਾ ਸੂਬਾ ਬਣਾਉਣ ਲਈ ਇਕਜੁੱਟ ਹੋਣ ਦਾ ਸੰਕਲਪ ਦੁਹਰਾਇਆ ਗਿਆ | ਇਸ ਮੌਕੇ ਬਰਾੜ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਲੜਾਈ ਲਈ ਅੱਗੇ ਆਉਣ ਤੇ 'ਚੜ੍ਹਦੀ ਕਲਾ ਵਾਲੇ ਪੰਜਾਬ' ਦੀ ਮੁੜ ਸਿਰਜਣਾ 'ਚ ਆਪਣਾ ਬਣਦਾ ਯੋਗਦਾਨ ਪਾਉਣ | ਉਨ੍ਹਾਂ ਕਿਹਾ ਕਿ ਅੱਜ ਦਾ ਪੰਜਾਬ ਇਕ ਅਜਿਹੇ ਸੰਵੇਦਨਸ਼ੀਲ ਮੋੜ 'ਤੇ ਖੜ੍ਹਾ ਹੈ, ਜਿਥੇ ਕਿ ਉਮੀਦ ਅਤੇ ਪੀੜ ਦਾ ਮਿਲਾਪ ਸਾਫ਼ ਦਿਖਾਈ ਦਿੰਦਾ ਹੈ | ਉਨ੍ਹਾਂ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਸੰਘੀ ਢਾਂਚੇ ਦੀ ਆਤਮਾ ਨੂੰ ਨਜ਼ਰਅੰਦਾਜ਼ ਕਰਦਿਆਂ ਸੂਬਿਆਂ ਦੇ ਅਧਿਕਾਰਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ | ਪਾਣੀਆਂ ਦੇ ਮਸਲੇ, ਜੀ. ਐਸ. ਟੀ. ਬਕਾਏ ਅਤੇ ਪੇਂਡੂ ਵਿਕਾਸ ਫ਼ੰਡਾਂ ਦੇ ਰੋਕੇ ਜਾਣ ਨੂੰ ਉਨ੍ਹਾਂ ਨੇ ਪੰਜਾਬ ਨਾਲ ਵੱਡੀ ਬੇਇਨਸਾਫ਼ੀ ਦੱਸਿਆ | ਉਨ੍ਹਾਂ 'ਡਬਲ ਇੰਜਣ ਸਰਕਾਰ' ਦੇ ਨਾਅਰੇ ਨੂੰ ਇਕ ਭਰਮ ਦੱਸਦਿਆਂ ਕਿਹਾ ਕਿ ਇਹ ਸੂਬਿਆਂ ਦੀ ਖ਼ੁਦ-ਮੁਖਤਿਆਰੀ ਨੂੰ ਖ਼ਤਮ ਕਰਨ ਵਾਲਾ ਸਿਆਸੀ ਹੱਥ-ਕੰਡਾ ਹੈ | ਉਨ੍ਹਾਂ ਪੰਜਾਬ ਦੀ ਆਰਥਿਕ ਸਥਿਤੀ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਬੋਝ ਹੇਠ ਦਬ ਚੁੱਕਾ ਹੈ, ਉਦਯੋਗ ਬੰਦ ਹੋ ਰਹੇ ਹਨ ਤੇ ਕਈ ਪ੍ਰਕਾਰ ਦਾ ਮਾਫ਼ੀਆ ਵੱਡੇ ਪੱਧਰ 'ਤੇ ਆਪਣੇ ਪੈਰ ਪਸਾਰ ਚੁੱਕਾ ਹੈ ਜਿਸ ਨਾਲ ਸੂਬੇ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਅੰਤ 'ਚ ਉਨ੍ਹਾਂ ਪੰਜਾਬੀਆਂ ਨੂੰ ਇਕਜੁੱਟ ਹੋ ਕੇ 'ਚੜ੍ਹਦੀ ਕਲਾ ਵਾਲੇ ਪੰਜਾਬ' ਦੀ ਮੁੜ ਉਸਾਰੀ ਲਈ ਅੱਗੇ ਆਉਣ ਦਾ ਸੱਦਾ ਦਿੱਤਾ | ਇਸ ਰੋਸ ਰੈਲੀ ਨੂੰ ਰਵਿੰਦਰ ਸਿੰਘ ਵਜੀਦਪੁਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਦਵਿੰਦਰ ਸਿੰਘ ਸੇਖੋਂ ਜਰਨਲ ਸਕੱਤਰ, ਬੀਬੀ ਜਸਮੀਤ ਕੌਰ ਛੀਨਾ, ਗੁਰਮੀਤ ਸਿੰਘ ਸ਼ਾਂਟੂ, ਹਰਜੀਤ ਸਿੰਘ ਹਰਮਨ, ਮਨਦੀਪ ਸਿੰਘ ਖਿਜ਼ਰਾਬਾਦ, ਭਗਤ ਸਿੰਘ, ਬਲਵਿੰਦਰ ਸਿੰਘ ਰੰਗੂਆਣਾ, ਗੁਰਸ਼ਰਨ ਨੱਗਲ, ਹਰਦੀਪ ਡੋਡ, ਮਾਨ ਸਿੰਘ, ਯਾਦਵਿੰਦਰ ਸਿੰਘ ਯਾਦੂ, ਬਲਜੀਤ ਸਿੰਘ ਬਿੱਲਾ, ਸੁਖਵਿੰਦਰ ਸਿੰਘ, ਰਣਧੀਰ ਸਿੰਘ ਧੀਰਾ ਯੂਥ ਪ੍ਰਧਾਨ ਤੇ ਸੁਖਪ੍ਰੀਤ ਸਿੰਘ ਯੂਥ ਪ੍ਰਧਾਨ ਸਮੇਤ ਵੱਡੀ ਗਿਣਤੀ 'ਚ ਮਿਸਲ ਦੇ ਸਮਰਥਕ ਹਾਜ਼ਰ ਸਨ |