ਸਰਕਾਰ ਤੋਂ ਆਸ ਲਾਹ ਚੁੱਕੇ ਕਿਸਾਨਾਂ ਨੇ ਘੱਗਰ ਦਰਿਆ ਦਾ ਬੰਨ੍ਹ ਮਜ਼ਬੂਤ ਕਰਨ ਲਈ ਕੀਤੇ ਕਮਰਕੱਸੇ ਜੇ.ਸੀ.ਬੀ. ਲਿਆ ਕੇ ਕੰਮ ਕੀਤਾ ਸ਼ੁਰੂ
ਘੱਗਰ ਦਰਿਆ ਦਾ ਬੰਨ੍ਹ ਮਜ਼ਬੂਤ ਕਰਨ ਸਮੇਂ ਕਿਸਾਨ ਅਤੇ ਜਗਮੀਤ ਸਿੰਘ ਹਰਿਆਊ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਆਗੂ | ਤਸਵੀਰ : ਜਗਦੀਸ਼ ਸਿੰਘ ਕੰਬੋਜ
<br/>
04-05-2026
ਪਾਤੜਾਂ, 3 ਮਈ (ਜਗਦੀਸ਼ ਸਿੰਘ ਕੰਬੋਜ)-ਬੀਤੇ ਸਾਲ ਘੱਗਰ ਦਰਿਆ ਦੇ ਵਿਚ ਆਏ ਹੜ੍ਹ ਦੇ ਝੰਬੇ ਹਲਕਾ ਸ਼ੁਤਰਾਣਾ ਦੇ ਕਿਸਾਨਾਂ ਨੂੰ ਸਰਕਾਰ ਨੇ ਬਾਰਸ਼ਾਂ ਤੋਂ ਪਹਿਲਾਂ ਘੱਗਰ ਦਰਿਆ ਦੇ ਬੰਨ੍ਹ ਮਜ਼ਬੂਤ ਕਰਨ ਅਤੇ ਲੋੜ ਅਨੁਸਾਰ ਪੱਥਰ ਲਾਏ ਜਾਣ ਦਾ ਭਰੋਸਾ ਦਿੱਤਾ ਸੀ ਪਰ ਕਣਕਾਂ ਵੰਡਣ ਮਗਰੋਂ ਜ਼ਮੀਨਾਂ ਖ਼ਾਲੀ ਹੋ ਚੁੱਕੀਆਂ ਹਨ ਪਰ ਸਰਕਾਰ ਵਲੋਂ ਆਪਣੇ ਕੀਤੇ ਗਏ ਵਾਅਦੇ ਅਨੁਸਾਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਸੰਬੰਧੀ ਕੋਈ ਵੀ ਪ੍ਰਬੰਧ ਸਰਕਾਰ ਵਲੋਂ ਨਾ ਹੰੁਦਾ ਦੇਖ ਕਿਸਾਨਾਂ ਨੇ ਖ਼ੁਦ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਲਿਆਂਦੀ ਜੇਸੀਬੀ ਲਾ ਕੇ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਅਰਦਾਸ ਕਰਨ ਮਗਰੋਂ ਘੱਗਰ ਦਰਿਆ ਦੇ ਕਿਨਾਰੇ ਮਜ਼ਬੂਤ ਕਰਨ ਲਈ ਕੰਮ ਸ਼ੁਰੂ ਕਰਨ ਮੌਕੇ ਕਿਸਾਨ ਫ਼ਤਿਹ ਸਿੰਘ ਜੋਗੇਵਾਲ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਹੜ੍ਹਾਂ ਦੇ ਸੰਭਾਵੀ ਖ਼ਤਰੇ ਰੋਕਣ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਸਾਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਤਰਾਣਾ ਵਾਲੇ ਪਾਸੇ ਘੱਗਰ ਦਰਿਆ ਦੇ ਕਿਨਾਰੇ ਇਕ ਵੀ ਥੈਲਾ ਮਿੱਟੀ ਭਰ ਕੇ ਨਹੀਂ ਲਾਈ | ਸਰਕਾਰ ਕੇਵਲ ਹੜ੍ਹ ਆਉਣ ਵਕਤ ਖਾਨਾਪੂਰਤੀ ਕਰਨ ਲਈ ਚਾਰ ਦਿਨ ਮਨਰੇਗਾ ਮਜ਼ਦੂਰਾਂ ਨੂੰ ਟੁੱਟੇ ਬੰਨ੍ਹ ਬੰਨ੍ਹਣ ਦਾ ਕੰਮ ਦਿੰਦੀ ਹੈ ਜਦਕਿ ਇਸ ਤੋਂ ਪਹਿਲਾਂ ਘੱਗਰ ਦਰਿਆ ਦੀ ਸਾਫ਼ ਸਫ਼ਾਈ ਜਾਂ ਮਾੜੇ ਬੰਨ੍ਹ ਮਜ਼ਬੂਤ ਕਰਨ ਲਈ ਕੋਈ ਉਪਰਾਲਾ ਨਹੀਂ ਕਰਦੀ ਹੈ | ਇਸ ਮੌਕੇ ਮੌਜੂਦ ਕਿਸਾਨ ਸਤਨਾਮ ਸਿੰਘ ਵੜੈਚ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਧਾਨ ਸਿੰਘ, ਦਇਆ ਸਿੰਘ ਜੋਗੇਵਾਲ, ਇੰਦਰਜੀਤ ਧਾਲੀਵਾਲ, ਬੇਅੰਤ ਸਿੰਘ ਧਾਲੀਵਾਲ, ਸਾਹਬ ਸਿੰਘ, ਹੀਰਾ ਸਿੰਘ, ਸੁਖਪ੍ਰੀਤ ਸਿੰਘ, ਕਿਰਨਦੀਪ ਸਿੰਘ, ਕਾਬਲ ਸਿੰਘ, ਦਰਸ਼ਨ ਸਿੰਘ, ਜੱਸਾ ਸਿੰਘ, ਜੋਗਿੰਦਰ ਸਿੰਘ, ਸੂਰਤ ਸਿੰਘ, ਮਨਧੀਰ ਸਿੰਘ, ਟੋਨੀ, ਬਲਵਿੰਦਰ ਝੱਬਰ ਵਲੋਂ ਵੀ ਇਸ ਕੰਮ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ |