ਗੁਰਦਾਸਪੁਰ, 4 ਮਈ (ਅਸ਼ੋਕ ਸ਼ਰਮਾ)-ਪਿੰਡ ਗਾਜੀਕੋਟ ਨੇੜਿਉਂ ਨਿਕਲਦੀ ਅਪਰਬਾਰੀ ਦੁਆਬ ਨਹਿਰ 'ਚ ਹਨੇਰੀ ਨਾਲ ਇਕ ਦਰਜਨ ਦੇ ਕਰੀਬ ਰੁੱਖਾਂ ਨੂੰ ਡਿੱਗੇ ਕਾਫ਼ੀ ਸਮਾਂ ਹੋ ਗਿਆ ਹੈ ਤੇ ਮਹਿਕਮਾ ਲਾਪਰਵਾਹੀ ਵਰਤ ਰਿਹਾ ਹੈ | ਜਿਸ ਕਰਕੇ ਇਲਾਕੇ ਦੇ ਕਿਸਾਨਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਹੈ | ਇਸ ਸਬੰਧੀ ਸਾਬਕਾ ਸਰਪੰਚ ਹਰਦੀਪ ਸਿੰਘ ਮਠਾਰੂ ਤੇ ਮੈਂਬਰ ਪੰਚਾਇਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੋਹਤ ਪੋਕਰ ਵਲੋਂ ਆਏ ਤਾਂ ਨਹਿਰ 'ਚ ਹਨੇਰੀ ਨਾਲ ਰੁੱਖ ਡਿੱਗੇ ਪਏ ਸਨ | ਉਨ੍ਹਾਂ ਦੱਸਿਆ ਕਿ ਨਹਿਰ 'ਚ ਪਾਣੀ ਤੇਜ਼ ਆਉਂਦਾ ਹੈ ਤਾਂ ਰੁੱਖਾਂ ਨਾਲ ਨਹਿਰ 'ਚ ਡਾਫ ਲੱਗ ਜਾਂਦੀ ਹੈ, ਜਿਸ ਨਾਲ ਨਹਿਰ ਦਾ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਰੁੱਖਾਂ ਨੂੰ ਚੁਕਵਾਉਣ ਵਾਸਤੇ ਮਹਿਕਮੇ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ | ਪਰ ਉਹ ਕਿਸੇ ਦੀ ਵੀ ਪ੍ਰਵਾਹ ਨਹੀਂ ਕਰਦੇ ਹਨ | ਉਨ੍ਹਾਂ ਦੱਸਿਆ ਕਿ ਤਿੱਬੜੀ ਪੁਲ ਤੋਂ ਧਾਰੀਵਾਲ ਨੂੰ ਜਾਣ ਵਾਲੀ ਨਹਿਰ ਵਿਚ ਇਕ ਸਾਲ ਤੋਂ ਰੁੱਖ ਡਿਗ ਪਿਆ ਹੈ, ਉਸ ਵੱਲ ਵੀ ਮਹਿਕਮਾ ਕੋਈ ਧਿਆਨ ਨਹੀਂ ਦੇ ਰਿਹਾ ਹੈ | ਜਿਸ ਕਰਕੇ ਇਲਾਕੇ ਦੇ ਕਿਸਾਨ ਕਾਫ਼ੀ ਚਿੰਤਤ ਹਨ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਨਹਿਰ 'ਚ ਡਿੱਗੇ ਰੁੱਖਾਂ ਨੂੰ ਚੁਕਵਾਉਣ ਵਾਸਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ |