06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਨੌਰੰਗਪੁਰ ਫੋਕਲ ਪੁਆਇੰਟ ਵਿਖੇ ਪੱਕਾ ਸ਼ੈੱਡ ਨਾ ਹੋਣ ਕਾਰਨ ਕਿਸਾਨ ਖੁੱਲ੍ਹੇ ਆਸਮਾਨ ਹੇਠ ਫ਼ਸਲ ਵੇਚਣ ਨੂੰ ਮਜਬੂਰ

Ad Position 21
No active advertisement
ਅਜੀਤ ਡੈਸਕ 05-05-2026
ਘਰੋਟਾ, 4 ਮਈ (ਸੰਜੀਵ ਗੁਪਤਾ)-ਨੌਰੰਗਪੁਰ ਫੋਕਲ ਪੁਆਇੰਟ ਦਾਣਾ ਮੰਡੀ ਅੱਜ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੀ ਹੈ | ਕਿਸਾਨ ਆਪਣੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਨੂੰ ਖੁੱਲ੍ਹੇ ਆਸਮਾਨ ਹੇਠ ਰੱਖਣ ਤੇ ਵੇਚਣ ਲਈ ਮਜਬੂਰ ਹਨ | ਜਿਸ ਕਾਰਨ ਹਰ ਸਾਲ ਮੌਸਮ ਦੀ ਮਾਰ ਨਾਲ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ | ਲਗਭਗ 2002 ਦੇ ਆਸ-ਪਾਸ ਸਥਾਪਤ ਹੋਈ ਇਸ ਮੰਡੀ ਨੇ ਸ਼ੁਰੂਆਤੀ ਦੌਰ ਵਿਚ ਘਰੋਟਾ, ਨੌਸ਼ਹਿਰਾ, ਮਿਰਜ਼ਾਪੁਰ, ਨਾਜੋਚੱਕ, ਚੌਹਾਨ, ਭੀਮਪੁਰ, ਖੰਨੀ ਖੂਈ ਅਤੇ ਜੰਗਲ ਭਵਾਨੀ ਸਮੇਤ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਸੀ | ਪਹਿਲਾਂ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਦੂਰ-ਦਰਾਜ ਮੰਡੀਆਂ ਦਾ ਰੁੱਖ ਕਰਨਾ ਪੈਂਦਾ ਸੀ, ਜਿਸ ਨਾਲ ਸਮਾਂ ਤੇ ਆਵਾਜਾਈ ਖ਼ਰਚ ਵੱਧ ਜਾਂਦਾ ਸੀ | ਨੌਰੰਗਪੁਰ ਮੰਡੀ ਬਣਨ ਨਾਲ ਕਿਸਾਨਾਂ ਨੂੰ ਸਥਾਨਕ ਪੱਧਰ 'ਤੇ ਹੀ ਸੁਵਿਧਾ ਮਿਲੀ ਤੇ ਇਹ ਮੰਡੀ ਇਲਾਕੇ ਲਈ ਵਰਦਾਨ ਸਾਬਤ ਹੋਈ | ਸਮੇਂ ਦੇ ਨਾਲ ਜਿੱਥੇ ਇਕ ਪਾਸੇ ਇਲਾਕੇ 'ਚ ਫ਼ਸਲ ਦੀ ਪੈਦਾਵਾਰ ਵਧੀ ਹੈ, ਉੱਥੇ ਮੰਡੀ ਦਾ ਵਿਸਥਾਰ ਤੇ ਅਧੁਨੀਕੀਕਰਨ ਨਹੀਂ ਹੋ ਸਕਿਆ | ਕਿਸਾਨਾਂ ਮੁਤਾਬਿਕ ਪਿਛਲੇ ਕਈ ਸਾਲਾ ਵਿਚ ਪੱਕੇ ਸ਼ੈੱਡ, ਫ਼ਰਸ਼ (ਫਲੋਰਿੰਗ) ਤੇ ਮੰਡੀ ਲਿੰਕ ਰੋਡ ਬਣਾਉਣ ਲਈ ਕਈ ਵਾਰ ਐਲਾਨ ਤੇ ਭਰੋਸੇ ਦਿੱਤੇ ਗਏ | ਪਰ ਅਜੇ ਤੱਕ ਕੋਈ ਢੁੱਕਵਾਂ ਕੰਮ ਨਹੀਂ ਹੋਇਆ | ਮੰਡੀ 'ਚ ਪੱਕੇ ਅਨਾਜ ਸ਼ੈੱਡ ਨਾ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਖੁੱਲ੍ਹੇ ਵਿਚ ਜਾਂ ਅਸਥਾਈ ਤਰਪਾਲਾਂ ਹੇਠ ਰੱਖਣੀ ਪੈਂਦੀ ਹੈ | ਬਾਰਸ਼ ਦੌਰਾਨ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਤੇ ਅਕਸਰ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ | ਇਲਾਕੇ 'ਚ ਖੇਤੀ ਦਾ ਰਕਬਾ ਤੇ ਪੈਦਾਵਾਰ ਵਧਣ ਦੇ ਬਾਵਜੂਦ ਮੰਡੀ ਦਾ ਵਿਸਥਾਰ ਨਹੀਂ ਕੀਤਾ ਗਿਆ | ਜਗ੍ਹਾ ਦੀ ਕਮੀ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਇੱਧਰ-ਉੱਧਰ ਰੱਖਣੀ ਪੈਂਦੀ ਹੈ, ਜਿਸ ਨਾਲ ਪ੍ਰਬੰਧਨ ਵਿਚ ਵੀ ਮੁਸ਼ਕਿਲ ਆਉਂਦੀ ਹੈ | ਇਲਾਕੇ ਦੇ ਕਿਸਾਨ ਮਨਮੋਹਨ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ, ਮਦਨ ਲਾਲ, ਰਸ਼ਪਾਲ ਸਿੰਘ, ਨੱਥਾ ਰਾਮ, ਅਜਮੇਰ ਸਿੰਘ, ਸੁਰਜੀਤ ਸਿੰਘ, ਯੁੱਧਵੀਰ ਸਿੰਘ, ਕੁਲਦੀਪ ਸਿੰਘ ਅਤੇ ਸਵਰਨ ਸਿੰਘ ਨੇ ਸਰਕਾਰ ਤੇ ਸਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਨੌਰੰਗਪੁਰ ਦਾਣਾ ਮੰਡੀ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇ | ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਸਹੂਲਤਾਂ ਪ੍ਰਦਾਨ ਨਾ ਕੀਤੀਆਂ ਤਾਂ ਕਿਸਾਨਾਂ ਨੂੰ ਹਰ ਸਾਲ ਨੁਕਸਾਨ ਝੱਲਣਾ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਅਰਸ਼ਦੀਪ ਸਿੰਘ ਲੁਬਾਣਾ ਨੇ ਏ.ਡੀ.ਸੀ. (ਜ) ਦਾ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਸਾਹਿਤ ਕਲਸ਼ ਪਰਿਵਾਰ ਪਟਿਆਲਾ ਦੀ ਮਹੀਨਾਵਾਰ ਗੋਸ਼ਟੀ 'ਚ ਰਚਨਾਵਾਂ ਦੇ ਰੰਗ ਬਿਖਰੇ
Ad Position 24