ਘੁਮਾਣ ਪੰਚਾਇਤ ਖ਼ਿਲਾਫ਼ ਸਥਾਨਕ ਲੋਕਾਂ ਨੇ ਕੀਤੀ ਨਾਅਰੇਬਾਜ਼ੀ
ਅਜੀਤ ਡੈਸਕ
09-05-2026
ਘੁਮਾਣ, 8 ਮਈ (ਬੰਮਰਾਹ)-ਕਸਬਾ ਘੁਮਾਣ ਵਿਖੇ ਸਥਾਨਕ ਲੋਕਾਂ ਨੇ ਪੰਚਾਇਤ ਵਲੋਂ ਜਾਣਬੁੱਝ ਕੇ ਗਲੀ ਨਾ ਬਣਾਉਣ ਦੇ ਦੋਸ਼ ਲਗਾਉਂਦਿਆਂ ਪੰਚਾਇਤ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਸੁਰਿੰਦਰ ਸਿੰਘ, ਨਰਿੰਦਰ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ, ਤਿਲਕ ਰਾਜ, ਬਲਜੀਤ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਮੰਗਲ ਸਿੰਘ, ਹਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਰਾਜਵਿੰਦਰ ਸਿੰਘ, ਬਲਵਿੰਦਰ ਕੌਰ, ਦਵਿੰਦਰ ਕੌਰ, ਬਿਮਲ ਕੌਰ, ਬਲਜਿੰਦਰ ਕੌਰ ਨੇ ਦੱਸਿਆ ਕਿ ਘੁਮਾਣ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਪਾਇਪਾਂ ਦਾ ਕੰਮ ਮੁਕੰਮਲ ਹੋਏ ਨੂੰ 3 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ, ਪਰ ਸਾਡੀ 350 ਫੁੱਟ ਲੰਬਾਈ ਅਤੇ 12 ਫੁੱਟ ਚੌੜਾਈ ਵਾਲੀ ਗਲੀ ਜੋ ਕਿ ਸੀਵਰੇਜ ਪੈਣ ਤੋਂ ਪਹਿਲਾਂ ਇੱਟਾਂ ਨਾਲ ਬਣੀ ਹੋਈ ਸੀ | ਸੀਵਰੇਜ ਪਾਉਣ ਲੱਗਿਆਂ ਇਸ ਨੂੰ ਪੁੱਟਿਆ ਗਿਆ ਤੇ ਸੀਵਰਜ ਤੇ ਵਾਟਰ ਸਪਲਾਈ ਦੀਆਂ ਪਾਇਪਾਂ ਪਾ ਦਿੱਤੀਆਂ ਗਈਆਂ, ਪਰ ਉਸ ਤੋਂ ਬਾਅਦ ਸਬੰਧਤ ਪੰਚਾਇਤ ਅਤੇ ਸਬੰਧਤ ਵਿਭਾਗ ਕੋਲ ਇਸ ਗਲੀ ਨੂੰ ਬਣਾਉਣ ਲਈ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ, ਪਰ ਸਮਾਂ ਬੀਤਦਾ ਗਿਆ ਤੇ ਨਵੀਂ ਪੰਚਾਇਤ ਵਲੋਂ ਇਸ ਗਲੀ ਨੂੰ ਬਣਾਉਣ ਲਈ 10 ਹਜ਼ਾਰ ਦੇ ਕਰੀਬ ਇੰਟਰਲਾਕ ਟਾਇਲਾਂ ਗਲੀ ਵਿਚ ਲਿਆਂਦੀਆਂ ਗਈਆਂ, ਪਰ ਜਦ ਗਲੀ ਦਾ ਕੰਮ ਸ਼ੁਰੂ ਹੋਣਾ ਸੀ ਤਾਂ ਪੰਚਾਇਤ ਸੈਕਟਰੀ ਦੀ ਬਦਲੀ ਹੋ ਗਈ, ਇਸ ਤੋਂ ਬਾਅਦ ਪਿੰਡ ਦੀ ਧੜੇਬੰਦੀ ਕਰ ਕੇ ਪੰਚਾਇਤ ਵਲੋਂ ਜਾਣਬੁੱਝ ਕੇ ਇਸ ਗਲੀ ਨੂੰ ਬਣਾਉਣ ਤੋਂ ਇਨਕਾਰ ਕਰ ਦਿੱਤਾ | ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਏ.ਡੀ.ਸੀ. ਵਿਕਾਸ, ਬੀ.ਡੀ.ਪੀ.ਓ. ਸ੍ਰੀ ਹਰਗੋਬਿੰਦਪੁਰ ਤੇ ਹੋਰ ਅਧਿਕਾਰੀਆਂ ਨੂੰ ਇਸ ਲਿਖਤੀ ਸ਼ਿਕਾਇਤਾਂ ਕੀਤੀਆਂ ਹਨ, ਜਿਸ ਲਈ ਉੱਚ ਅਧਿਕਾਰੀਆਂ ਨੇ ਪੰਚਾਇਤ ਨੂੰ ਇਸ ਗਲੀ ਬਣਾਉਣ ਬਾਰੇ ਲਿਖਿਆ ਹੈ, ਪਰ ਕੰਮ ਜਿਉਂ ਦਾ ਤਿਉਂ ਹੈ | ਉਨ੍ਹਾਂ ਦੱਸਿਆ ਕਿ ਅਸੀਂ ਕਈ ਸਾਲਾਂ ਤੋਂ ਇਸ ਵਾਰਡ ਵਿਚ ਰਹਿ ਰਹੇ ਹਾਂ ਤਕਰੀਬਨ 30 ਘਰ ਜਿਨਾਂ ਦਾ ਇਸ ਗਲੀ ਵਿਚ ਆਉਣਾ-ਜਾਣਾ ਹੈ, ਪਰ ਬਰਸਾਤ ਦੇ ਦਿਨਾਂ 'ਚ ਇਸ ਗਲੀ ਵਿਚੋਂ ਲੰਘਣਾ ਬਹੁਤ ਮੁਸ਼ਕਿਲ ਹੈ | ਸਥਾਨਕ ਲੋਕਾਂ ਨੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਤੇ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦਿਆਂ ਜਲਦ ਤੋਂ ਜਲਦ ਇਹ ਗਲੀ ਬਣਾ ਕੇ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ | ਇਸ ਸਬੰਧੀ ਪਿੰਡ ਦੇ ਸਰਪੰਚ ਜੀਵਨ ਸਿੰਘ ਨੇ ਕਿਹਾ ਕਿ ਇਸ ਗਲੀ ਦੀ ਨਿਸ਼ਾਨਦੇਹੀ ਕਰਵਾਉਣ ਲਈ ਬੀ.ਡੀ.ਪੀ.ਓ. ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਲਿਖਤੀ ਭੇਜਿਆ ਗਿਆ ਹੈ, ਜਦ ਵੀ ਨਿਸ਼ਾਨਦੇਹੀ ਹੋ ਜਾਵੇਗੀ ਤਾਂ ਗਲੀ ਬਣਾ ਦਿੱਤੀ ਜਾਵੇਗੀ | ਬੀ.ਡੀ.ਪੀ.ਓ. ਸ਼੍ਰੀ ਹਰਗੋਬਿੰਦਪੁਰ ਨੇ ਕਿਹਾ ਕਿ ਪੰਚਾਇਤ ਵਲੋਂ ਲਿਖਤੀ ਦਰਖਾਸਤ ਮਿਲੀ ਸੀ ਕਿ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਜੋ ਪਹਿਲਾਂ ਨਿਸ਼ਾਨਦੇਹੀ ਹੋਈ ਸੀ | ਉਸ ਵਿਚ ਪੰਚਾਇਤ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਜੋ ਇਕਤਰਫ਼ੀ ਹੋਈ ਹੈ, ਪੰਚਾਇਤ ਦੀ ਦਰਖਾਸਤ ਨੂੰ ਦੇਖਦਿਆਂ ਨਾਇਬ ਤਹਿਸੀਲਦਾਰ ਸ੍ਰੀ ਹਰਗੋਬਿੰਦਪੁਰ ਨੂੰ ਇਸ ਦੀ ਨਿਸ਼ਾਨਦੇਹੀ ਕਰਨ ਲਈ ਲਿਖਿਆ ਗਿਆ ਹੈ | ਉਪਰੰਤ ਇਸ ਗਲੀ ਨੂੰ ਬਣਾ ਦਿੱਤਾ ਜਾਵੇਗਾ |