ਬਟਾਲਾ, 8 ਮਈ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ 'ਮਾਂ ਦਿਵਸ' ਬਹੁਤ ਹੀ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ | ਮਾਂ ਪ੍ਰਤੀ ਸਤਿਕਾਰ ਤੇ ਪਿਆਰ ਪ੍ਰਗਟ ਕਰਨ ਲਈ ਕਲਾਸ 5ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਚਨਾਤਮਕ ਗਤੀਵਿਧੀਆਂ 'ਚ ਵਧ ਚੜ੍ਹ ਕੇ ਭਾਗ ਲਿਆ | ਇਸ ਮੌਕੇ ਕਲਾਸ ਅਨੁਸਾਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਕਲਾਸ 5ਵੀਂ ਏ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਹੱਥ ਨਾਲ ਤਿਆਰ ਪਿ੍ੰਟਡ ਕਾਰਡ ਤੇ 5ਵੀਂ ਬੀ ਦੇ ਬੱਚਿਆਂ ਨੇ ਸੁੰਦਰ ਬੈਜ ਤਿਆਰ ਕਰਕੇ ਆਪਣੀਆਂ ਮਾਤਾਵਾਂ ਪ੍ਰਤੀ ਪਿਆਰ ਦਰਸਾਇਆ | ਕਲਾਸ 6ਵੀਂ ਏ ਦੇ ਵਿਦਿਆਰਥੀਆਂ ਨੇ ਆਕਰਸ਼ਕ ਕਾਰਡ ਤੇ 6ਵੀਂ ਬੀ ਦੇ ਵਿਦਿਆਰਥੀਆਂ ਨੇ ਕਾਗਜ਼ ਨਾਲ ਸੱਜੇ ਫੁੱਲਾਂ ਦੇ ਬੁੱਕੇ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਕਲਾਸ 7ਵੀਂ ਦੇ ਬੱਚਿਆਂ ਨੇ ਮਾਂ ਲਈ ਸੁੰਦਰ ਤਾਜ ਤਿਆਰ ਕੀਤੇ | 8ਵੀਂ ਕਲਾਸ ਦੇ ਵਿਦਿਆਰਥੀਆਂ ਨੇ 'ਮਾਂ' ਵਿਸ਼ੇ 'ਤੇ ਚਾਰਟ ਬਣਾ ਕੇ ਮਾਂ ਦੀ ਮਹਿਮਾ ਦਾ ਵਰਣਨ ਕੀਤਾ | ਕਲਾਸ 9ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਤੇ ਸਜਾਵਟੀ ਸਾਮਾਨ ਨਾਲ ਸਕੂਲ ਨੂੰ ਸਜਾ ਕੇ 'ਮਾਂ ਦਿਵਸ' ਨੂੰ ਯਾਦਗਾਰ ਬਣਾ ਦਿੱਤਾ | ਸਕੂਲ ਦੇ ਡਾਇਰੈਕਟਰ ਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਸ਼੍ਰੀ ਅੱੈਮ.ਐੱਲ. ਸ਼ਰਮਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਵਿਚ ਸੰਸਕਾਰ ਤੇ ਭਾਵਨਾਤਮਕ ਜੁੜਾਅ ਪੈਦਾ ਕਰਦੇ ਹਨ | ਸਕੂਲ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਤੇ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਾਂ ਤੋਂ ਬਿਨਾਂ ਜੀਵਨ ਅਧੂਰਾ ਹੈ | ਪਿ੍ੰਸੀਪਲ ਕੋਮਲ ਅਗਰਵਾਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ, ਪ੍ਰਮਾਤਮਾ ਦਾ ਦੂਜਾ ਰੂਪ ਹੁੰਦੀ ਹੈ ਅਤੇ ਸਾਨੂੰ ਸਾਰੀ ਉਮਰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਉਪ ਪਿ੍ੰਸੀਪਲ ਕਪਿਲ ਸ਼ਰਮਾ ਨੇ ਸਾਰੀਆਂ ਮਾਤਾਵਾਂ ਨੂੰ 'ਮਾਂ ਦਿਵਸ' ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਕਾਰਜਕ੍ਰਮ ਦੇ ਅੰਤ 'ਚ ਸਾਰੇ ਬੱਚਿਆਂ ਨੇ ਆਪਣੀਆਂ ਬਣਾਈਆਂ ਕਲਾਕਿ੍ਤੀਆਂ ਆਪਣੀਆਂ ਮਾਤਾਵਾਂ ਨੂੰ ਭੇਟ ਕਰਨ ਦਾ ਸੰਕਲਪ ਲਿਆ | ਪੂਰਾ ਸਕੂਲ 'ਮਾਂ ਤੈਨੂੰ ਸਲਾਮ' ਦੇ ਨਾਅਰਿਆਂ ਨਾਲ ਗੂੰਜ ਉਠਿਆ |