ਧਾਰੀਵਾਲ, 8 ਮਈ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਨੇ ਪਿੰਡ ਸੰਧਵਾਂ ਦੀ ਸਰਪੰਚ ਦੇ ਪਤੀ 'ਤੇ ਇਕ ਵਿਧਵਾ ਔਰਤ ਨੂੰ ਅਸ਼ਲੀਲ ਵੀਡੀਓ ਕਾਲਾਂ ਤੇ ਕਾਲ ਕਰਕੇ ਅਸ਼ਲੀਲ ਗੱਲਾਂ ਕਰਨ 'ਤੇ ਮਾਮਲਾ ਦਰਜ ਕੀਤਾ ਹੈ | ਪੀੜਤ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੁਰਦਾਸਪੁਰ ਨੇੜੇ ਨੌਕਰੀ ਕਰਦੀ ਹੈ | ਉਸ ਦੇ ਪਤੀ ਦੀ 2017 ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਆਪਣੇ ਪੇਕੇ ਪਰਿਵਾਰ ਨਾਲ ਰਹਿ ਰਹੀ ਹੈ | ਪੀੜਤ ਮਹਿਲਾ ਨੇ ਦੱਸਿਆ ਕਿ ਪਿੰਡ ਸੰਧਵਾਂ ਵਾਸੀ ਬਲਜੀਤ ਸਿੰਘ ਪੁੱਤਰ ਬਲਕਾਰ ਸਿੰਘ ਉਸ ਨਾਲ ਪਹਿਲਾਂ ਆਮ ਹੀ ਗੱਲਬਾਤ ਕਰਦਾ ਰਿਹਾ, ਪਰ ਬਾਅਦ ਵਿਚ ਮੋਬਾਇਲ 'ਤੇ ਅਸ਼ਲੀਲ ਗੱਲਾਂ ਤੇ ਅਸ਼ਲੀਲ ਵੀਡੀਓ ਕਾਲਾਂ ਕਰਨ ਲੱਗ ਪਿਆ | ਉਸ ਦੇ ਵਿਰੋਧ ਕਰਨ ਤੇ ਸਮਝਾਉਣ ਦੇ ਬਾਵਜੂਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ | ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਬਲਜੀਤ ਸਿੰਘ ਨੇ ਉਸ ਨੂੰ ਹੋਟਲ ਵਿਚ ਮਿਲਣ ਲਈ ਦਬਾਅ ਵੀ ਬਣਾਇਆ ਤੇ ਇਨਕਾਰ ਕਰਨ 'ਤੇ ਉਸ ਦੇ ਨਾਬਾਲਗ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਪੀੜਤਾ ਮੁਤਾਬਿਕ ਦੋਸ਼ੀ ਨੇ ਇਕ ਦਿਨ ਰਸਤੇ ਵਿਚ ਰੋਕ ਕੇ ਉਸ ਨਾਲ ਧੱਕੇਸ਼ਾਹੀ ਤੇ ਅਸ਼ਲੀਲ ਹਰਕਤਾਂ ਵੀ ਕੀਤੀਆਂ | ਪੁਲਿਸ ਅਧਿਕਾਰੀਆਂ ਨੇ ਜਾਂਚ ਉਪਰੰਤ ਬਲਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |