ਬਟਾਲਾ, 9 ਮਈ (ਸਤਿੰਦਰ ਸਿੰਘ)-ਏ.ਵੀ.ਐੱਮ. ਸੀਨੀਅਰ ਸੈਕੰਡਰੀ ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਮਾਂ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰੀ-ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਸਕੂਲ ਵਲੋਂ ਵਿਸ਼ੇਸ਼ ਸਭਾ ਬੁਲਾਈ ਗਈ | ਕੁਝ ਬੱਚਿਆਂ ਨੇ ਆਪਣੀ ਮਾਂ ਲਈ ਕਵਿਤਾਵਾਂ ਪੇਸ਼ ਕੀਤੀਆਂ ਅਤੇ ਕੁਝ ਨੇ ਭਾਸ਼ਣ ਰਾਹੀਂ ਆਪਣੀ ਮਾਂ ਪ੍ਰਤੀ ਪਿਆਰ ਦੀ ਭਾਵਨਾ ਨੂੰ ਪ੍ਰਗਟ ਕੀਤਾ | ਇਸ ਤੋਂ ਇਲਾਵਾ ਬੱਚਿਆਂ ਵਲੋਂ ਆਪਣੀ ਮਾਂ ਲਈ ਸੁੰਦਰ ਕਾਰਡ ਵੀ ਬਣਾਏ ਗਏ ਅਤੇ ਬੱਚਿਆਂ ਨੇ 'ਮਾਂ' ਸ਼ਬਦ 'ਤੇ ਆਧਾਰਿਤ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ | ਬੱਚਿਆਂ ਨੇ ਆਪਣੇ ਅਧਿਆਪਕਾਂ ਨੂੰ ਮਾਂ ਸਮਾਨ ਸਮਝਦੇ ਹੋਏ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਸ਼੍ਰੀਮਤੀ ਰਿਤੂ ਮਹਾਜਨ ਨੇ ਦੱਸਿਆ ਕਿ ਮਾਂ ਦਿਵਸ ਮੌਕੇ ਬੱਚੇ ਆਪਣੀ ਮਾਂ ਦੇ ਨਿਰਸਵਾਰਥ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ | ਸਾਨੂੰ ਚਾਹੀਦਾ ਹੈ ਕਿ ਅਸੀਂ ਸਿਰਫ ਮਾਂ ਦਿਵਸ 'ਤੇ ਹੀ ਨਹੀਂ, ਸਗੋਂ ਸਾਰੇ ਦਿਨਾਂ ਨੂੰ ਮਾਂ ਦੇ ਦਿਨ ਵਜੋਂ ਮਨਾਉਂਦੇ ਹੋਏ ਆਪਣੀ ਮਾਂ ਦਾ ਸਤਿਕਾਰ ਕਰੀਏ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਜਗਤਪਾਲ ਮਹਾਜਨ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਸਕੂਲ ਵਿਚ ਇਸ ਲਈ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਮਿਲ ਸਕੇ |