ਗੁਰਦਾਸਪੁਰ, 24 ਮਈ (ਅਸ਼ੋਕ ਸ਼ਰਮਾ)-ਪਿੰਡਾਂ ਅੰਦਰ ਸੜਕਾਂ ਦੇ ਕੰਢੇ ਘਰਾਂ ਦੀ ਗੰਦਗੀ ਦੇ ਢੇਰ ਆਮ ਦੇਖਣ ਨੰੂ ਮਿਲਦੇ ਹਨ | ਇਨ੍ਹਾਂ ਗੰਦਗੀ ਦੇ ਢੇਰਾਂ 'ਤੇ ਆਮ ਆਵਾਰਾ ਕੁੱਤੇ ਫਿਰਦੇ ਦੇਖੇ ਜਾਂਦੇ ਹਨ, ਜੋ ਲੋਕਾਂ ਲਈ ਖਤਰੇ ਦੀ ਘੰਟੀ ਹਨ | ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਭਾਵੇਂ ਗੰਦਗੀ ਚੁੱਕਣ ਲਈ ਪਿੰਡਾਂ ਅੰਦਰ ਪ੍ਰਵਾਸੀ ਮਜ਼ਦੂਰ ਲਗਵਾਏ ਹੋਏ ਹਨ | ਪਿੰਡਾਂ ਵਿਚ ਕੋਈ ਪੰਚਾਇਤੀ ਜਗ੍ਹਾ ਨਾ ਹੋਣ ਕਰਕੇ ਇਹ ਲੋਕ ਸੜਕਾਂ 'ਤੇ ਗੰਦ ਸੁੱਟਣ ਲਈ ਮਜ਼ਬੂਰ ਹੁੰਦੇ ਹਨ | ਪਿੰਡ ਦੇ ਬਾਹਰ ਗੰਦਗੀ ਇੰਨ੍ਹੀ ਜ਼ਿਆਦਾ ਹੁੰਦੀ ਹੈ ਕਿ ਉਸ ਦੀ ਭੈੜੀ ਬਦਬੂ ਨਾਲ ਪਿੰਡਾਂ 'ਚ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਕਈ ਵਾਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬੀ.ਡੀ.ਪੀ.ਓਜ਼. ਨੰੂ ਬੇਨਤੀਆਂ ਕੀਤੀਆਂ ਹਨ ਕਿ ਪਿੰਡਾਂ 'ਚ ਕੂੜਾਦਾਨ ਦਿੱਤੇ ਜਾਣ | ਜਿਸ ਨਾਲ ਘਰਾਂ ਦਾ ਗੰਦ ਇਕ ਜਗ੍ਹਾ 'ਤੇ ਇਕੱਠਾ ਕਰਕੇ ਫਿਰ ਬਾਹਰ ਸੁੱਟਿਆ ਜਾਵੇ | ਇਸ ਪਾਸੇ ਵੀ ਮਹਿਕਮਾ ਕੋਈ ਵੀ ਧਿਆਨ ਨਹੀਂ ਦਿੰਦਾ | ਜਿਸ ਕਰਕੇ ਸਰਪੰਚਾਂ, ਪੰਚਾਂ ਤੇ ਸਮਾਜ ਸੇਵੀ ਜਥੇਬੰਦੀਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਗੜ੍ਹੇ ਤੇ ਹੋਰ ਖਾਲੀ ਪਈਆਂ ਜ਼ਮੀਨਾਂ 'ਤੇ ਲੋਕਾਂ ਨੇ ਨਾਜਾਇਜ਼ ਤੌਰ 'ਤੇ ਕਬਜ਼ੇ ਕਰਕੇ ਉਸਾਰੀਆਂ ਕਰ ਲਈਆਂ ਹਨ | ਜਿਸ ਕਰਕੇ ਲੋਕਾਂ ਨੰੂ ਕਾਫ਼ੀ ਕੂੜਾ ਸੁੱਟਣ ਲਈ ਮੁਸ਼ਕਿਲਾਂ ਆ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਜਦੋਂ ਲੋਕ ਘਰਾਂ ਦਾ ਗੰਦ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਸੁੱਟਦੇ ਹਨ ਤਾਂ ਲੜਾਈ ਝਗੜਿਆਂ ਨਾਲ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਪਿੰਡਾਂ ਅੰਦਰ ਕੂੜਾ ਕਰਕਟ ਨੰੂ ਸੁੱਟਣ ਲਈ ਡੀ.ਡੀ.ਪੀ.ਓ. ਗੁਰਦਾਸਪੁਰ ਨੰੂ ਹਦਾਇਤਾਂ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਨੰੂ ਕੂੜਾਦਾਨ ਦਿੱਤੇ ਜਾਣ | ਜਿਸ ਨਾਲ ਪਿੰਡਾਂ ਅੰਦਰ ਕੂੜੇ ਦੀ ਸਮੱਸਿਆ ਪਹਿਲ ਦੇ ਆਧਾਰ 'ਤੇ ਖ਼ਤਮ ਹੋ ਸਕੇ |