ਹਰਚੋਵਾਲ 27 ਮਈ (ਢਿੱਲੋਂ, ਭਾਮ)-ਪਿੰਡ ਨੰਗਲ ਝੌਰ ਦੇ ਕਿਸਾਨ ਗੁਰਪਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਮਿਲਕ ਪਲਾਂਟ ਵੇਰਕਾ ਵਿਚ ਕੰਮ ਕਰਦੇ ਜਨਰਲ ਮੈਨੇਜਰ ਤੇ ਹੋਰ ਮੁਲਾਜ਼ਮਾਂ ਵਲੋਂ ਲਗਭਗ 8 ਲੱਖ ਦੀ ਹੋਈ ਘਪਲੇਬਾਜ਼ੀ ਦੇ ਦੋਸ਼ ਲਗਾਏ ਹਨ | ਡੇਅਰੀ ਦੇ ਮਾਲਕ ਗੁਰਪਿੰਦਰ ਸਿੰਘ ਨੰਗਲ ਝੌਰ ਨੇ ਦੱਸਿਆ ਕਿ ਉਸ ਨੇ ਵੇਰਕਾ ਸਹਿਕਾਰੀ ਡੇਅਰੀ ਦਾ ਕੰਮ ਸ਼ਰੂ ਕੀਤਾ ਸੀ, ਜਿਸ ਵਿਚ ਉਸ ਨੇ ਕਿਸਾਨਾਂ ਕੋਲੋਂ ਦੁੱਧ ਇਕੱਠਾ ਕਰਨ ਤੇ ਠੰਢਾ ਕਰਨ ਵਾਲਾ ਪ੍ਰੋਜੈਕਟ ਲਗਾਇਆ ਸੀ ਤੇ ਉਸ ਦੀ ਹਰ ਮਹੀਨੇ ਕਿਸ਼ਤ ਦੀ ਕਟੌਤੀ ਵੀ ਕਰਵਾਉਂਦਾ ਰਿਹਾ, ਜਿਸ ਦਾ ਉਸ ਕੋਲ ਸਾਰਾ ਰਿਕਾਰਡ ਵੀ ਹੈ | ਉਹ ਸਾਰੇ ਪੈਸੇ ਦੇ ਚੁੱਕਾ ਹੈ, ਪਰ 2023 ਵਿਚ ਉਸ ਦੀ ਡੇਅਰੀ ਕੋਡ ਅਧੀਨ ਕੁਝ ਅਫਸਰ ਅਤੇ ਮੁਲਾਜ਼ਮ ਮਿਲੀਭੁਗਤ ਨਾਲ ਉਸ ਦੇ ਦਸਤਖ਼ਤ ਕਰ ਕੇ ਆਨਲਾਈਨ ਘਿਓ ਦੇ ਬਿੱਲ ਕੱਟਦੇ ਰਹੇ ਤੇ ਆਪ ਹੀ ਕਿਸੇ ਹੋਰ ਥਾਂ 'ਤੇ ਘਿਓ ਵੇਚਦੇ ਰਹੇ, ਜਿਸ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ | ਜਦੋਂ ਉਸ ਨੇ ਦੁੱਧ ਦੇ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਉਹ ਲਾਅਰੇ-ਲੱਪੇ ਲਾਉਂਦੇ ਰਹੇ ਤੇ ਪਹਿਲਾਂ ਕੁਝ ਵੀ ਸ਼ਪੱਸ਼ਟ ਨਹੀਂ ਕੀਤਾ | ਫਿਰ ਉਨ੍ਹਾਂ ਕਿਹਾ ਕਿ ਤੈਨੂੰ ਦੁੱਧ ਦੇ ਪੈਸੇ ਨਹੀਂ ਦੇਣੇ, ਤੇਰੇ ਵੱਲ ਦੇਸੀ ਘਿਓ ਦਾ ਲਗਭਗ 8 ਲੱਖ ਬਕਾਇਆ ਹੈ | ਗੁਰਪਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀ ਡੇਅਰੀ 'ਤੇ ਘਿਓ ਲੈ ਕੇ ਹੀ ਨਹੀਂ ਆਇਆ ਤਾਂ ਉਨ੍ਹਾਂ ਕਿਹਾ ਕਿ ਤੇਰੇ ਨਾਂਅ 'ਤੇ ਘਿਓ ਗਿਆ ਹੋਇਆ ਹੈ, ਜਦੋਂ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਜਿਨਾਂ ਵੀ ਅਧਿਕਾਰੀਆਂ ਜਾਂ ਮੁਲਾਜ਼ਮਾਂ ਨੇ ਇਹ ਘਪਲੇਬਾਜ਼ੀ ਕੀਤੀ ਹੈ, ਜਾਂਚ ਕਰ ਕੇ ਉਨ੍ਹਾਂ ਖਿਲਾਫ਼ ਕਾਰਵਾਈ ਜ਼ਰੂਰ ਕਰਾਂਗੇ, ਪਰ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪੈਸੇ ਜਮ੍ਹਾ ਕਰਵਾ ਦਿਓ | ਉਕਤ ਡੇਅਰੀ ਮਾਲਕ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਵਿਚੋਂ ਹੈ ਤੇ ਡੇਅਰੀ ਵਿਭਾਗ ਵਾਲਿਆਂ ਨੇ ਉਸ ਦਾ ਦੁੱਧ ਵਾਲਾ ਪਲਾਂਟ ਬੰਦ ਕਰਵਾ ਦਿੱਤਾ ਹੈ ਤੇ ਦੁੱਧ ਵੀ ਚੁੱਕਣਾ ਬੰਦ ਕਰ ਦਿੱਤਾ ਹੈ ਅਤੇ ਦੁੱਧ ਦੀ ਅਦਾਇਗੀ ਵੀ ਰੋਕ ਲਈ ਹੈ, ਜਿਨ੍ਹਾਂ ਕਿਸਾਨਾਂ ਨੇ ਉਸ ਦੀ ਡੇਅਰੀ 'ਤੇ ਦੁੱਧ ਪਾਇਆ ਹੈ, ਉਹ ਉਸ ਕੋਲੋਂ ਰੋਜ਼ਾਨਾ ਪੈਸੇ ਮੰਗ ਰਹੇ ਹਨ | ਦੂਜੇ ਪਾਸੇ ਉਨ੍ਹਾਂ ਕਿਹਾ ਕਿ ਉਸ ਨੇ 6 ਲੱਖ ਰੁਪਏ ਦੀ ਗੱਡੀ ਲੈ ਕੇ ਦੁੱਧ ਢੋਣ 'ਤੇ ਲਗਾਈ ਸੀ, ਜਿਸ ਦਿਨ ਤੋਂ ਉਸ ਨੇ ਸ਼ਿਕਾਇਤ ਪਾਈ ਹੈ, ਗੱਡੀ ਵੀ ਬੰਦ ਕਰ ਦਿੱਤੀ ਗਈ ਹੈ ਤੇ ਮੈਂ 50 ਹਜ਼ਾਰ ਰੁਪਏ ਸਕਿਓਰਟੀ ਵੀ ਜਮ੍ਹਾਂ ਕਰਵਾਈ ਹੈ | ਉਨ੍ਹਾਂ ਡੀ.ਸੀ. ਗੁਰਦਾਸਪੁਰ ਅਤੇ ਵੇਰਕਾ ਪਲਾਂਟ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਸ ਦੀ ਡੇਅਰੀ ਚਾਲੂ ਕਰਵਾਈ ਜਾਵੇ ਤੇ ਜੋ ਵੀ ਉਸ ਦੀ ਅਦਾਇਗੀ ਮਿਲਕ ਪਲਾਂਟ ਵੱਲ ਬਣਦੀ ਹੈ, ਉਹ ਦਿਵਾਈ ਜਾਵੇ ਤੇ ਜਿਸ ਜਨਰਲ ਮੈਨੇਜਰ ਤੇ ਮੁਲਾਜ਼ਮਾਂ ਨੇ ਜਾਅਲੀ ਦਸਤਖ਼ਤ ਕਰ ਕੇ ਘਿਓ ਵੇਚਿਆ ਹੈ, ਉਲ੍ਹਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ | ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਸਤਨਾਮ ਸਿੰਘ ਨੇ ਸਾਥੀਆਂ ਸਮੇਤ ਕਿਹਾ ਕਿ ਜੇਕਰ ਉਕਤ ਡੇਅਰੀ ਮਾਲਕ ਨੂੰ ਇਨਸਾਫ ਨਾ ਮਿਲਿਆ ਤਾਂ ਜਲਦੀ ਹੀ ਮਿਲਕ ਪਲਾਂਟ ਦੇ ਉੱਚ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ |