ਪਠਾਨਕੋਟ, 13 ਜੂਨ (ਵਿਨੋਦ)-ਵਿਦੇਸ਼ ਭੇਜਣ ਦੀ ਆੜ ਵਿਚ ਲੱਖਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਥਾਣਾ ਡਵੀਜ਼ਨ ਨੰਬਰ-2 ਨੇ ਇਕ ਵਿਅਕਤੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸ਼ਿਕਾਇਤ ਵਿਚ ਹਾਰੂਨ ਗਿੱਲ ਪੁੱਤਰ ਸੈਮੂਅਲ ਗਿੱਲ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਢਾਂਗੂ ਪੀਰ ਪਠਾਨਕੋਟ ਨੇ ਦੱਸਿਆ ਕਿ ਉਸ ਨੇ ਸਲੋਵਾਕੀਆ ਦੀ ਯਾਤਰਾ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਪਿ੍ਤਪਾਲ ਸਿੰਘ ਵਾਸੀ ਗੁਰੂ ਨਾਨਕ ਨਗਰ, ਪਟਿਆਲਾ ਰਾਹੀਂ ਰੋਹਿਤ ਰਾਣਾ ਪੁੱਤਰ ਰਮੇਸ਼ ਰਾਣਾ ਵਾਸੀ ਕਾਂਗੜਾ ਹਿਮਾਚਲ ਪ੍ਰਦੇਸ਼ ਜੋ ਕਿ ਮੌਜੂਦਾ ਸਮੇਂ ਚੰਡੀਗੜ੍ਹ ਦਾ ਰਹਿਣ ਵਾਲਾ ਹੈ, ਨਾਲ ਗੱਲਬਾਤ ਕੀਤੀ ਸੀ | ਦੋਸ਼ ਹੈ ਕਿ ਰੋਹਿਤ ਰਾਣਾ ਨੇ ਉਸ ਨੂੰ ਵਿਦੇਸ਼ ਭੇਜਣ ਦੇ ਬਹਾਨੇ ਪਹਿਲਾਂ ਉਸ ਨੂੰ ਸਲੋਵਾਕੀਆ ਅਤੇ ਬਾਅਦ ਵਿਚ ਜਾਰਜੀਆ ਭੇਜਣ ਦਾ ਵਾਅਦਾ ਕੀਤਾ | ਸ਼ਿਕਾਇਤਕਰਤਾ ਦੇ ਅਨੁਸਾਰ ਦੋਸ਼ੀ ਨੇ ਉਸ ਨੂੰ ਧੋਖਾ ਦੇਣ ਦੇ ਇਰਾਦੇ ਨਾਲ, ਗੁਰਪ੍ਰੀਤ ਸਿੰਘ ਰਾਹੀਂ 109,500 ਰੁਪਏ ਅਤੇ ਖ਼ੁਦ 24,760 ਰੁਪਏ ਲਏ | ਕੁੱਲ 134,260 ਰੁਪਏ ਪ੍ਰਾਪਤ ਕਰਨ ਦੇ ਬਾਵਜੂਦ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦਾ ਅਸਲ ਪਾਸਪੋਰਟ ਵਾਪਸ ਕੀਤਾ ਗਿਆ | ਪੀੜਤ ਦਾ ਦੋਸ਼ ਹੈ ਕਿ ਦੋਸ਼ੀ ਨੇ ਜਾਣ ਬੁੱਝ ਕੇ ਉਸ ਨਾਲ ਧੋਖਾ ਕੀਤਾ ਅਤੇ ਉਸ ਦੇ ਪੈਸੇ ਹੜੱਪ ਲਏ | ਸ਼ਿਕਾਇਤ ਮਿਲਣ ਤੋਂ ਬਾਅਦ ਡਵੀਜ਼ਨ ਨੰਬਰ-2 ਪੁਲਿਸ ਸਟੇਸ਼ਨ ਨੇ ਦੋਸ਼ੀ ਰੋਹਿਤ ਰਾਣਾ ਵਿਰੁੱਧ ਆਈ.ਪੀ.ਸੀ. ਦੀਆਂ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨਤੀਜਿਆਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ | ਦੋਸ਼ੀ ਇਸ ਸਮੇਂ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ |