10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਬਲਾਕ ਦੋਰਾਂਗਲਾ ਵਿਖੇ ਨਰੇਗਾ ਮੁਲਾਜ਼ਮਾਂ ਦਾ ਧਰਨਾ ਜਾਰੀ 23 ਜੂਨ ਨੂੰ ਦਿੜ੍ਹਬਾ ਮੰਡੀ ਵਿਖੇ ਲਾਮਿਸਾਲ ਰੈਲੀ ਦਾ ਐਲਾਨ

Ad Position 21
No active advertisement
ਅਜੀਤ ਡੈਸਕ 19-06-2026
ਗੁਰਦਾਸਪੁਰ, 18 ਜੂਨ (ਚੱਕਰਾਜਾ)-ਮੰਗਾਂ ਨੂੰ ਲੈ ਕੇ ਬਲਾਕ ਦੋਰਾਂਗਲਾ ਵਿਖੇ ਸਮੂਹ ਨਰੇਗਾ ਮੁਲਾਜ਼ਮਾਂ ਦਾ ਧਰਨਾ ਪਿਛਲੇ 17 ਦਿਨਾਂ ਤੋਂ ਲਗਾਤਾਰ ਜਾਰੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ 1 ਜੂਨ ਨੂੰ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਪ੍ਰਧਾਨਗੀ ਹੇਠ ਹੋਈ ਪੈਨਲ ਮੀਟਿੰਗ ਤੇ 10 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਪੈਨਲ ਮੀਟਿੰਗ ’ਚ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਪ੍ਰਵਾਨ ਕਰ ਲਈ ਸੀ। ਉਸੇ ਦਿਨ ਅਗਲੀ ਮੀਟਿੰਗ ਪ੍ਰੋਸੋਨਲ ਵਿਭਾਗ, ਵਿੱਤ ਵਿਭਾਗ, ਪੰਚਾਇਤ ਵਿਭਾਗ, ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ’ਚ ਕਰਨ ਦਾ ਫ਼ੈਸਲਾ ਲਿਆ ਸੀ ਅਤੇ ਮੁਲਾਜ਼ਮਾਂ ਵਲੋਂ ਬਲਾਕ ਪੱਧਰ ’ਤੇ ਹੀ ਸ਼ਾਂਤਮਈ ਧਰਨਾ ਜਾਰੀ ਰੱਖਿਆ ਗਿਆ। ਪਰ 16 ਜੂਨ ਨੂੰ ਮੀਟਿੰਗ ਲਈ ਸੱਦਾ ਆਇਆ ਤਾਂ ਉਹ ਮੀਟਿੰਗ ਸਿਰਫ਼ ਸੰਯੁਕਤ ਵਿਕਾਸ ਕਮਿਸ਼ਨਰ ਨਾਲ ਹੀ ਹੋਈ। ਮੀਟਿੰਗ ਵਿਚ ਉਨ੍ਹਾਂ ਵਲੋਂ ਯੂਨੀਅਨ ਆਗੂਆਂ ਨੂੰ ਧਮਕਾਇਆ ਕਿ ਹੜਤਾਲ ਵਾਪਸ ਲਵੋ ਤੇ ਕੰਮ ’ਤੇ ਆਓ ਨਹੀਂ ਤਾਂ ਉਹ ਨੌਕਰੀ ਤੋਂ ਕੱਢ ਦੇਣਗੇ। ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਪਿਛਲੇ 18 ਸਾਲਾਂ ਵਿਚ ਅਜਿਹਾ ਧੋਖਾ ਸਮੇਂ ਦੀਆਂ ਕਾਂਗਰਸ, ਸ਼ਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵੀ ਕਈ ਵਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 23 ਜੂਨ ਨੂੰ ਦਿੜ੍ਹਬਾ ਮੰਡੀ ਵਿਖੇ ਪੰਜਾਬ ਪੱਧਰ ਦਾ ਲਾਮਿਸਾਲ ਇਕੱਠ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਧਰਨੇ ਵਿਚ ਹਰ ਪਿੰਡ ’ਚੋਂ 50 ਤੋਂ ਵੱਧ ਸਰਪੰਚ-ਪੰਚ, ਨਰੇਗਾ ਮੇਟ, ਮਜ਼ਦੂਰ ਤੇ ਮਜ਼ਦੂਰ ਆਗੂਆਂ ਨੂੰ ਸ਼ਾਮਿਲ ਕਰਨ ਲਈ ਅੱਜ ਤੋਂ ਹੀ ਪਿੰਡ-ਪਿੰਡ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਜੇ ਵੀ ਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ ਵਿਚ ਮਰਜ਼ ਕਰਕੇ ਪੱਕੇ ਕਰਨ ਦੀ ਮੰਗ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਦੀਆਂ ਲੋਕ ਮਿਲਣੀਆਂ ਦੌਰਾਨ ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਦਵਿੰਦਰ ਸਿੰਘ, ਸਾਹਿਲ, ਹਰਜਿੰਦਰ ਸਿੰਘ, ਬਿਕਰਮਜੀਤ ਸਿੰਘ, ਪ੍ਰਦੀਪ ਕੁਮਾਰ, ਦਲਜੀਤ ਸਿੰਘ, ਵੈਸ਼ਾਲੀ ਮਹਾਜਨ, ਰਵਨੀਤ ਕੌਰ, ਰਮਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਅੱਤੇਪੁਰ ਵਲੋਂ ਸੀਨੀਅਰ ਅਕਾਲੀ ਆਗੂ ਐਡਵੋਕੇਟ ਸਰਬਜੀਤ ਸਿੰਘ ਮਾਨ ਦਾ ਸਨਮਾਨ ਅਗਲੀ ਖ਼ਬਰ ਸੰਨੀ ਲੋਧੀਨੰਗਲ ਦਾ ਅਮਰੀਕ ਸਿੰਘ ਬਾਲੇਵਾਲ ਤੇ ਸੁਖਜਿੰਦਰ ਸਿੰਘ ਪਾਰਸ ਵਲੋਂ ਸਨਮਾਨ
Ad Position 24