ਗੁਰਦਾਸਪੁਰ, 22 ਜੂਨ (ਚੱਕਰਾਜਾ)-ਹਿਮਾਚਲ ਪ੍ਰਦੇਸ਼ ’ਚ ਇਕ ਸ਼ਰਾਰਤੀ ਅਨਸਰ ਵਲੋਂ ਇਸਾਈ ਧਰਮ ਦੇ ਪਵਿੱਤਰ ਗ੍ਰੰਥ ‘ਬਾਈਬਲ’ ਦੀ ਕੀਤੀ ਬੇਅਦਬੀ ਤੇ ਪੰਨੇ ਪਾੜ ਕੇ ਨਾਲੀ ਵਿਚ ਸੁੱਟਣ ਦੀ ਮੰਦਭਾਗੀ ਘਟਨਾ ਦੇ ਵਿਰੋਧ ਵਿਚ ਅੱਜ ਫੈਲੋਸ਼ਿਪ ਪਾਸਟਰ ਟੀਮ ਵਲੋਂ ਡੀ.ਸੀ ਤੇ ਐਸ.ਐਸ.ਪੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਫੈਲੋਸ਼ਿਪ ਪਾਸਟਰ ਟੀਮ ਦੇ ਚੇਅਰਮੈਨ ਪਾਸਟਰ ਬੀ.ਐੱਮ ਭੱਟੀ, ਫੈਲੋਸ਼ਿਪ ਪਾਸਟਰ ਟੀਮ ਦੇ ਯੂਥ ਵਾਈਸ ਪ੍ਰਧਾਨ ਪੰਜਾਬ ਰੌਬਿਨ ਮਸੀਹ ਤੇ ਫੈਲੋਸ਼ਿਪ ਦੇ ਪਾਸਟਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਾਸਟਰ ਸ਼ੰਕਰ ਨੇ ਕਿਹਾ ਕਿ ਮੁਲਜ਼ਮ ਵਲੋਂ ਨਾ ਸਿਰਫ਼ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਹੈ, ਸਗੋਂ ਬਹੁਤ ਅਪਮਾਨਜਨਕ ਭਾਸ਼ਾ ਦੀ ਵਰਤੋਂ ਵੀ ਕੀਤੀ ਹੈ। ਪਾਸਟਰਾਂ ਤੇ ਯੂਥ ਆਗੂਆਂ ਨੇ ਕਿਹਾ ਕਿ ਮਸੀਹ ਭਾਈਚਾਰਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਪਰ ਕਿਸੇ ਵੀ ਧਰਮ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮ ਖ਼ਿਲਾਫ਼ ਧਾਰਾ 295 ਸਮੇਤ ਕਾਨੂੰਨ ਦੀਆਂ ਸਖ਼ਤ ਧਰਾਵਾਂ ਤਹਿਤ ਤੁਰੰਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਖ਼ਿਲਾਫ਼ ਜਲਦ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਮਸੀਹ ਭਾਈਚਾਰਾ ਪੰਜਾਬ ਪੱਧਰ ‘ਤੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਇਸ ਮੌਕੇ ਮੰਗਾ ਮਸੀਹ ਯੂਥ ਪ੍ਰਧਾਨ ਪੰਜਾਬ, ਪਾਸਟਰ ਪਤਰਸ ਮਸੀਹ, ਮੀਕਾ ਮਸੀਹ ਜ਼ਿਲ੍ਹਾ ਪ੍ਰਧਾਨ, ਸਾਗਰ ਮਸੀਹ ਵਾਇਸ ਜ਼ਿਲ੍ਹਾ ਪ੍ਰਧਾਨ, ਸਾਹਿਲ ਮਸੀਹ, ਸਾਜਨ ਮਸੀਹ, ਅਜੇ ਕੁਮਾਰ, ਸਾਜਨ ਮਸੀਹ ਖੋਖਰ ਆਦਿ ਹਾਜ਼ਰ ਸਨ।