ਘੁਮਾਣ, 22 ਜੂਨ (ਬੰਮਰਾਹ)-ਘੁਮਾਣ ਵਿਖੇ ਰਾਧਾ ਸੁਆਮੀ ਸਤਿਸੰਗ ਘਰ ਦੇ ਨਜ਼ਦੀਕ ਘੁਮਾਣ ਦੇ ਵੱਡੇ ਛੱਪੜ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ। ਇਸ ਛੱਪੜ ਵਿਚੋਂ ਨਿਕਲ ਰਹੀ ਗਾਰ ਨੂੰ ਟਰਾਲੀਆਂ ਰਾਹੀਂ ਅੱਡਾ ਚੌਂਕ ਘੁਮਾਣ ਤੋਂ ਮੁੱਖ ਬਾਜ਼ਾਰ ਰਾਹੀਂ ਸਰਕਾਰੀ ਸਕੂਲ ਦੀ ਗਰਾਊਂਡ ਦੇ ਨਜ਼ਦੀਕ ਸੁੱਟਿਆ ਜਾ ਰਿਹਾ ਹੈ। ਓਵਰਲੋਡ ਟਰਾਲੀਆਂ ਕਾਰਨ ਗਾਰ ਤੇ ਗੰਦਗੀ ਘੁਮਾਣ ਦੇ ਮੁੱਖ ਬਾਜ਼ਾਰ ਵਿਚ ਖਿਲਰਦੀ ਦਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਇਹ ਗਾਰ ਸੁੱਕ ਕੇ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਜਿਸ ਨੂੰ ਲੈ ਕੇ ਸਮੁੱਚੇ ਦੁਕਾਨਦਾਰਾਂ ਨੇ ਮੁੱਖ ਬਾਜ਼ਾਰ ਘੁਮਾਣ ’ਚ ਇਨ੍ਹਾਂ ਟਰਾਲੀਆਂ ਨੂੰ ਰੋਕਣ ਲਈ ਇਕੱਤਰਤਾ ਕੀਤੀ, ਜਿਸ ਦੌਰਾਨ ਟਰਾਲੀ ਚਾਲਕ ਤੇ ਦੁਕਾਨਦਾਰ ਵਿਚ ਤਲਖ ਕਲਾਮੀ ਹੋਈ, ਜਿਸ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣ ਗਈ। ਦੁਕਾਨਦਾਰਾਂ ਨੇ ਕਿਹਾ ਕਿ ਗਾਰ ਨਾਲ ਭਰੀਆਂ ਟਰਾਲੀਆਂ ਓਵਰਲੋਡ ਹੋਣ ਕਾਰਨ ਗਾਰ ਤੇ ਕਚਰਾ ਸੜਕ ’ਤੇ ਖਿਲਰ ਰਿਹਾ ਹੈ, ਜਿਸ ਤੋਂ ਬਾਅਦ ਇਹ ਗਾਰ ਸੁੱਕ ਕੇ ਧੂੜ ਦਾ ਰੂਪ ਧਾਰ ਲੈਂਦੀ ਹੈ ਤੇ ਦੁਕਾਨਦਾਰਾਂ ਦੇ ਰੱਖੇ ਸਾਮਾਨ ਨੂੰ ਖਰਾਬ ਕਰ ਰਹੀ ਹੈ, ਜਿਸ ਨਾਲ ਬਾਜ਼ਾਰ ਵਿਚ ਆਉਣ ਵਾਲੇ ਗਾਹਕਾਂ ਦਾ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ। ਕਾਫੀ ਦਿਨਾਂ ਤੋਂ ਚੱਲ ਰਹੇ ਇਸ ਮਸਲੇ ਨੇ ਦੁਕਾਨਦਾਰਾਂ ਦੇ ਰੋਸ ਦਾ ਰੂਪ ਧਾਰਨ ਕਰ ਲਿਆ ਦੁਕਾਨਦਾਰਾਂ ਵਲੋਂ ਮੁੱਖ ਬਾਜ਼ਾਰ ਵਿਚ ਲੰਘ ਰਹੀਆਂ ਗਾਰ ਦੀਆਂ ਟਰਾਲੀਆਂ ਨੂੰ ਰੋਕ ਲਿਆ ਤੇ ਮੌਕੇ ’ਤੇ ਹੰਗਾਮੇ ਵਾਲੀ ਸਥਿਤੀ ਬਣ ਗਈ। ਟਰਾਲੀ ਚਾਲਕਾਂ ਨੇ ਬਾਜ਼ਾਰ ਵਿਚ ਟਰਾਲੀਆਂ ਰੋਕ ਦਿੱਤੀਆਂ, ਜਿਸ ਨਾਲ ਲੰਮਾ ਸਮਾਂ ਰਾਹਗੀਰਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪੰਚਾਇਤ ਦੇ ਭਰੋਸੇ ਮਗਰੋਂ ਦੁਕਾਨਦਾਰਾਂ ਨੇ ਆਪਣਾ ਵਿਰੋਧ ਸਮਾਪਤ ਕੀਤਾ ਤੇ ਸਰਪੰਚ ਸਮੇਤ ਸਮੁੱਚੀ ਪੰਚਾਇਤ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।