ਭੈਣੀ ਮੀਆਂ ਖਾਂ, 11 ਜੁਲਾਈ (ਜਸਬੀਰ ਸਿੰਘ ਬਾਜਵਾ)-ਪਿਛਲੇ ਲੰਬੇ ਸਮੇਂ ਤੋਂ ਸੜਕ ਦੀ ਖ਼ਸਤਾ ਹਾਲਤ ਕਾਰਨ ਸੰਤਾਪ ਭੋਗ ਰਹੇ ਇਲਾਕਾ ਨਿਵਾਸੀਆਂ ਦੀ ਵੱਡੀ ਮੰਗ ਉਸ ਵੇਲੇ ਪੂਰੀ ਹੋ ਗਈ, ਜਦੋਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਵਲੋਂ ਭੈਣੀ ਮੀਆਂ ਖਾਂ ਤੋਂ ਵਾਇਆ ਕੋਟਲੀ ਹਰਚੰਦਾ, ਸੱਲੋਪੁਰ ਹੁੰਦੀ ਹੋਈ ਕਾਹਨੂੰਵਾਨ ਰੋਡ ਨਾਲ ਜੁੜਨ ਵਾਲੀ ਅਹਿਮ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਮਾਹਲ ਨੇ ਭੈਣੀ ਮੀਆਂ ਖਾਂ ਦੇ ਇਕ ਨਿੱਜੀ ਪੈਲੇਸ ਵਿਚ ‘ਆਪ’ ਵਰਕਰਾਂ ਨਾਲ ਇਕ ਵਿਸ਼ਾਲ ਮੀਟਿੰਗ ਵੀ ਕੀਤੀ, ਜਿਸ ਵਿਚ ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਅਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕਰਕੇ ਸਰਕਾਰ ਦੇ ਇਸ ਲੋਕ-ਪੱਖੀ ਫ਼ੈਸਲੇ ਦਾ ਸਵਾਗਤ ਕੀਤਾ। ਇਸ ਮੌਕੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਇਸ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਸਨ, ਪਰ ’ਆਮ ਆਦਮੀ ਪਾਰਟੀ’ ਦੀ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ 6.7 ਕਿਲੋਮੀਟਰ ਲੰਬੀ ਸੜਕ ਕਰੀਬ ਪੌਣੇ 5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਹੈ, ਜੋ ਅਗਲੇ 6 ਮਹੀਨਿਆਂ ਦੇ ਅੰਦਰ-ਅੰਦਰ ਬਣ ਕੇ ਮੁਕੰਮਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸੜਕ ਭੈਣੀ ਮੀਆਂ ਖਾਂ ਤੋਂ ਕੋਟਲੀ ਹਰਚੰਦਾ, ਸੱਲੋਪੁਰ ਤੋਂ ਹੁੰਦੇ ਹੋਏ ਕਾਹਨੂੰਵਾਨ-ਪੁਰਾਣਾ ਸ਼ਾਲਾ ਸੜਕ ਨਾਲ ਜੁੜੇਗੀ। ਬਰਸਾਤ ਦੇ ਦਿਨਾਂ ਵਿਚ ਸੜਕ ਉੱਪਰ ਪਾਣੀ ਖੜ੍ਹਨ ਦੀ ਵੱਡੀ ਸਮੱਸਿਆ ਸੀ, ਜਿਸ ਦੇ ਪੱਕੇ ਹੱਲ ਲਈ ਕਈ ਜਗ੍ਹਾ ਤੋਂ ਇਹ ਸੜਕ ਵਿਸ਼ੇਸ਼ ਤੌਰ ’ਤੇ ਕੰਕਰੀਟ ਦੀ ਬਣਾਈ ਜਾਵੇਗੀ ਤਾਂ ਜੋ ਇਹ ਲੰਬੇ ਸਮੇਂ ਤੱਕ ਮਜ਼ਬੂਤ ਰਹੇ। ਮੀਟਿੰਗ ਦੌਰਾਨ ਵਰਕਰਾਂ ਦੇ ਭਾਰੀ ਇਕੱਠ ਨੂੰ ਦੇਖਦਿਆਂ ਸ: ਮਾਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਲੋਕਾਂ ਦਾ ਇਹੋ ਵੱਡਾ ਸਮਰਥਨ ਅਤੇ ਪਿਆਰ ਆਉਣ ਵਾਲੀਆਂ ਚੋਣਾਂ ਵਿਚ ਵਿਰੋਧੀਆਂ ਦਾ ਸਫ਼ਾਇਆ ਕਰੇਗਾ ਅਤੇ ਆਮ ਆਦਮੀ ਪਾਰਟੀ ਹੂੰਝਾ ਫ਼ੇਰ ਜਿੱਤ ਦਰਜ ਕਰੇਗੀ। ਇਸ ਮੌਕੇ ਜਸਪਾਲ ਸਿੰਘ ਪੰਧੇਰ ਚੇਅਰਮੈਨ ਮਾਰਕਿਟ ਕਮੇਟੀ ਕਾਹਨੂੰਵਾਨ, ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਬਲਵਿੰਦਰ ਸਿੰਘ, ਸਾਬਕਾ ਚੇਅਰਮੈਨ ਠਾਕੁਰ ਬਲਰਾਜ ਸਿੰਘ, ਸਰਪੰਚ ਜਬਰ ਸਿੰਘ ਨਾਨੋਵਾਲ ਜੀਂਦੜ, ਸਰਪੰਚ ਪਰਮਜੀਤ ਸਿੰਘ ਪੱਤੀ ਜੀਂਦੜ, ਭਗਵੰਤ ਸਿੰਘ ਰਾਜੂ ਬੇਲਾ ਬਲਾਕ ਪ੍ਰਧਾਨ, ਇੰਦਰਜੀਤ ਸਿੰਘ ਜਕੜੀਆਂ, ਸਰਪੰਚ ਗਾਰੂ ਰਾਮ ਭੈਣੀ ਮੀਆ ਖਾਂ, ਸੋਹਣ ਲਾਲ ਪੰਚ, ਨਾਨਕ ਸਿੰਘ ਪੰਚ, ਡੇਵਿਡ ਮਸੀਹ ਪੰਚ, ਤਰਸੇਮ ਸਿੰਘ ਰਿਆੜ, ਪਰਗਟ ਸਿੰਘ ਰਿਆੜ, ਸੰਮਤੀ ਮੈਂਬਰ ਹਰਦਿਆਲ ਸਿੰਘ ਧੱਕੜ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।