ਗੁਰਦਾਸਪੁਰ, 11 ਜੁਲਾਈ (ਅਸ਼ੋਕ ਸ਼ਰਮਾ)-ਪਾਵਰਕਾਮ ਸਬ ਡਵੀਜ਼ਨ ਪੁਰਾਣਾ ਸ਼ਾਲਾ ਵਿਖੇ ਤਿੰਨ ਮਹੀਨਿਆਂ ਤੋਂ ਉਪ ਮੰਡਲ ਅਫ਼ਸਰ ਦੀ ਅਸਾਮੀ ਖਾਲੀ ਹੋਣ ਨਾਲ ਖਪਤਕਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਾਸੇ ਪਾਵਰਕਾਮ ਦੇ ਉਚ ਅਧਿਕਾਰੀਆਂ ਦਾ ਧਿਆਨ ਨਾ ਹੋਣ ਕਾਰਨ ਕਿਸਾਨਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਦੀਨਾਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਦੱਸਿਆ ਕਿ ਖਪਤਕਾਰਾਂ ਦੇ ਰੋਜ਼ਮਰਾ ਦੇ ਕੰਮ ਸਮੇਂ ਸਿਰ ਨਹੀਂ ਹੋ ਰਹੇ ਅਤੇ ਉਨ੍ਹਾਂ ਦੀ ਦਿਨੋਂ ਦਿਨ ਖੱਜਲ ਖ਼ੁਆਰੀ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਈ ਵਾਰ ਅਫ਼ਸਰਾਂ ਨੂੰ ਮੁਸ਼ਕਿਲਾਂ ਪ੍ਰਤੀ ਜਾਣੂ ਕਰਵਾਉਣਾ ਹੁੰਦਾ ਹੈ। ਪਰ ਉਪ ਮੰਡਲ ਅਫ਼ਸਰ ਦੀ ਅਸਾਮੀ ਖਾਲੀ ਹੋਣ ਕਾਰਨ ਕੋਈ ਕੰਮ ਨਹੀਂ ਹੋ ਰਿਹਾ। ਜਿਸ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਵਿਚੋਂ ਲੰਘਣਾ ਪੈ ਰਿਹਾ ਹੈ। ਉਨ੍ਹਾਂ ਪਾਵਰਕਾਮ ਪਟਿਆਲਾ ਦੇ ਚੇਅਰਮੈਨ ਪਾਸੋਂ ਮੰਗ ਕੀਤੀ ਕਿ ਇਲਾਕੇ ਦੀ ਮੁੱਖ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਐਸ.ਈ ਗੁਰਦਾਸਪੁਰ ਨੂੰ ਫ਼ੌਰੀ ਹਦਾਇਤਾਂ ਕਰਕੇ ਸਥਾਈ ਤੌਰ ’ਤੇ ਉਪ ਮੰਡਲ ਅਫ਼ਸਰ ਨਿਯੁਕਤ ਕੀਤਾ ਜਾਵੇ, ਜਿਸ ਨਾਲ ਕਿਸਾਨਾਂ ਤੇ ਲੋਕਾਂ ਦੇ ਕੰਮ ਸਮੇਂ ਸਿਰ ਹੋ ਸਕਣ।