ਗੁਰਦਾਸਪੁਰ, 11 ਜੁਲਾਈ (ਚੱਕਰਾਜਾ)-ਸਮਾਜ ਵਿਚ ਤੇਜ਼ੀ ਨਾਲ ਆ ਰਹੇ ਬਦਲਾਅ ਦਾ ਅਸਰ ਹੁਣ ਨੌਜਵਾਨ ਲੜਕੇ ਲੜਕੀਆਂ ਦੇ ਵਿਆਹ ਲਈ ਰਿਸ਼ਤੇ ਲੱਭਣ ’ਤੇ ਵੀ ਸਪਸ਼ਟ ਦਿਖਾਈ ਦਿੰਦਾ ਨਜ਼ਰ ਆ ਰਿਹਾ ਹੈ। ਇਸ ਸਮੇਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਈ ਹਿੱਸਿਆਂ ਵਿਚ ਨੌਜਵਾਨਾਂ ਦੇ ਵਿਆਹ ਲਈ ਯੋਗ ਰਿਸ਼ਤੇ ਲੱਭਣਾ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਮੁਸ਼ਕਿਲ ਹੋ ਗਿਆ ਹੈ। ਇਥੋਂ ਤੱਕ ਕਿ ਕਈ ਪਰਿਵਾਰ ਆਪਣੇ ਬੱਚਿਆਂ ਲਈ ਸਾਲਾ ਤੋਂ ਰਿਸ਼ਤੇ ਦੀ ਭਾਲ ’ਚ ਲੱਗੇ ਹੋਏ ਹਨ। ਪਰ ਉਨ੍ਹਾਂ ਲਈ ਯੋਗ ਰਿਸ਼ਤਾ ਲੱਭਣਾ ਅਖਾ ਹੋਇਆ ਪਿਆ ਹੈ। ਜਿਸ ਕਾਰਨ ਮਾਪਿਆਂ ਤੇ ਨੌਜਵਾਨਾਂ ਵਿਚ ਚਿੰਤਾ ਵੱਧ ਰਹੀ ਹੈ। ਭਾਵੇਂ ਕਿ ਪਹਿਲਾਂ ਨਾਲੋਂ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੇ ਘੱਟ ਰਹੇ ਅਨੁਪਾਤ ’ਚ ਕਾਫ਼ੀ ਸੁਧਾਰ ਆਇਆ ਹੈ। ਪਰ ਪਿਛਲੇ ਕੁਝ ਸਾਲਾ ਦੌਰਾਨ ਰਿਸ਼ਤੇ ਤੈਅ ਕਰਨ ਦੀ ਪ੍ਰਕਿਰਿਆ ’ਚ ਵੱਡੇ ਬਦਲਾਅ ਆਏ ਹਨ। ਕਦੇ ਸਮਾਂ ਸੀ ਕਿ ਰਿਸ਼ਤੇ ਲੱਭਣ ਸਮੇਂ ਪਰਿਵਾਰਿਕ ਭਰੋਸਾ ਅਤੇ ਆਪਸੀ ਜਾਣ ਪਹਿਚਾਣ ’ਚ ਰਿਸ਼ਤਾ ਜੋੜਨ ਨੂੰ ਤਰਜੀਹ ਦਿੱਤੀ ਜਾਂਦੀ ਸੀ। ਪਰ ਇਸ ਸਮੇਂ ਨੌਕਰੀ, ਆਮਦਨ, ਵਿਦੇਸ਼ ਵਿਚ ਰਹਿਣਾ, ਸਮਾਜਿਕ ਰੁਤਬਾ, ਆਧੁਨਿਕ ਜੀਵਨ ਸ਼ੈਲੀ ਵਰਗੇ ਮਾਪਦੰਡਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਦੂਜੇ ਪਾਸੇ ਗੱਲ ਕਰੀਏ ਤਾਂ ਨੌਜਵਾਨ ਲੜਕੇ ਲੜਕੀਆਂ ਦੇ ਵਿਦੇਸ਼ ਜਾਣ ਦੇ ਵਧਣੇ ਰੁਝਾਨ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਜਿਸ ਕਾਰਨ ਬਹੁਤੇ ਪਰਿਵਾਰਾਂ ਅਤੇ ਨੌਜਵਾਨਾਂ ਵਲੋਂ ਐਨ.ਆਰ.ਆਈ ਜਾਂ ਵਿਦੇਸ਼ ਵਿਚ ਪੱਕੇ ਤੌਰ ’ਤੇ ਸਥਾਪਿਤ ਲੜਕੇ ਲੜਕੀ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਬਹੁਤੇ ਥਾਈਂ ਖੇਤੀਬਾੜੀ ਜਾਂ ਨਿੱਜੀ ਖੇਤਰ ’ਚ ਚੰਗਾ ਕਾਰੋਬਾਰ ਕਰ ਰਹੇ ਨੌਜਵਾਨਾਂ ਨੂੰ ਵੀ ਅਣਡਿੱਠਾ ਕੀਤਾ ਜਾਂਦਾ ਹੈ। ਖ਼ਾਸ ਕਰਕੇ ਇਹ ਸਮੱਸਿਆ ਪੇਂਡੂ ਖੇਤਰ ’ਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਦੇਖਣ ਵਿਚ ਆਇਆ ਹੈ ਕਿ ਨੌਜਵਾਨਾਂ ਦੀ ਲਗਾਤਾਰ ਬਦਲਦੀ ਸੋਚ ਕਾਰਨ ਅੱਜ ਰਿਸ਼ਤੇਦਾਰ ਅਤੇ ਪਰਿਵਾਰਿਕ ਸਹਿਯੋਗੀ ਵੀ ਰਿਸ਼ਤਿਆਂ ਵਿਚ ਵਿਚੋਲਗੀ ਕਰਨ ਤੋਂ ਗੁਰੇਜ਼ ਕਰਦੇ ਹਨ। ਜਿਸ ਦੇ ਸਿੱਟੇ ਵਜੋਂ ਹੁਣ ਲੋਕਾਂ ਦਾ ਵਿਆਹਾਂ ਲਈ ਰੁਝਾਨ ਮੈਟਰੀਮੋਨੀਅਲ ਸਾਈਟਾਂ ਅਤੇ ਮੈਰਿਜ ਬਿਊਰੋ ਵੱਲ ਵੱਧ ਗਿਆ ਹੈ। ਸਿੱਟੇ ਵਜੋਂ ਜ਼ਿਆਦਾਤਰ ਰਿਸ਼ਤੇ ਬਣਨ ਤੋਂ ਬਾਅਦ ਬਿਖਰਦੇ ਹੋਏ ਨਜ਼ਰ ਆਉਂਦੇ ਹਨ। ਇਸ ਦੀ ਸਿੱਧੀ ਉਦਾਹਰਨ ਮੈਟਰੀਮੋਨੀਅਲ ਸਾਈਟਾਂ ’ਤੇ ਵੀ ਦੇਖਣ ਨੂੰ ਮਿਲਦੀ ਹੈ, ਜਿਥੇ ਨਵਿਆਂ ਨਾਲੋਂ ਤਲਾਕਸ਼ੁਦਾ ਰਿਸ਼ਤਿਆਂ ਦੀ ਵੀ ਲੰਮੀ ਕਤਾਰ ਦੇਖਣ ਵਿਚ ਆਉਂਦੀ ਹੈ। ਜੇਕਰ ਨੌਜਵਾਨ ਪੀੜ੍ਹੀ ਅੰਦਰ ਵਿਦੇਸ਼ ਜਾਣ ਦਾ ਰੁਝਾਨ ਅਤੇ ਉਨ੍ਹਾਂ ਦੀ ਨਿੱਜੀ ਸੋਚ ਇਸੇ ਤਰ੍ਹਾਂ ਤੇਜ਼ੀ ਨਾਲ ਬਦਲਦੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਮਾਪਿਆਂ ਲਈ ਰਿਸ਼ਤੇ ਲੱਭਣਾ ਹੋਰ ਵੀ ਔਖਾ ਹੋ ਸਕਦਾ ਹੈ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।