ਕਲਾਨੌਰ, 11 ਜੁਲਾਈ (ਪੁਰੇਵਾਲ)- ਸਥਾਨਕ ਕਸਬੇ ਦੀ ਗ੍ਰਾਂਮ ਪੰਚਾਇਤ ਪੁਰਾਣੀ ਕਲਾਨੌਰ ਦੇ ਕੁੱਝ ਪੰਚਾਂ ਵਲੋਂ ਇਕੱਠੇ ਹੋ ਕੇ ਗ੍ਰਾਂਮ ਪੰਚਾਇਤ ਪੁਰਾਣੀ ਕਲਾਨੌਰ ਦੇ ਸਰਪੰਚ ’ਤੇ ਜਾਅਲੀ ਹਸਤਾਖਰਾਂ ਨਾਲ ਮਤੇ ਪਾਊਣ ਦਾ ਕਥਿਤ ਦੋਸ਼ ਲਗਾਉਂਦਿਆਂ ਹੋਇਆਂ ਏ.ਡੀ.ਸੀ. ਵਿਕਾਸ ਗੁਰਦਾਸਪੁਰ ਕੋਲੋਂ ਜਾਂਚ ਮੰਗੀ ਹੈ। ਓਧਰ ਸਰਪੰਚ ਨੇ ਦੋਸ਼ਾਂ ਨੂੰ ਸਿਰੇ ’ਤੋਂ ਨਕਾਰਦਿਆਂ ਪੱਖ ਪੇਸ਼ ਕੀਤਾ ਹੈ। ਏ.ਡੀ.ਸੀ. ਵਿਕਾਸ ਨੂੰ ਭੇਜੀ ਗਈ ਦਰਖਾਸਤ ’ਚ ਜਤਿੰਦਰ ਤਲਵਾੜ ਨੇ ਗ੍ਰਾਂਮ ਪੰਚਾਇਤ ਪੁਰਾਣੀ ਦੇ ਚੁਣ ਪੰਚ ਪ੍ਰਭਜੋਤ ਕੌਰ, ਸੋਭਾ ਰਾਣੀ, ਰਜਨੀ ਬਾਲਾ, ਕੁਲਦੀਪ ਸਿੰਘ, ਜਸਪ੍ਰੀਤ ਸਿੰਘ ਸਮੇਤ ਦੱਸਿਆ ਕਿ ਗ੍ਰਾਂਮ ਪੰਚਾਇਤ ਪੁਰਾਣੀ ਕਲਾਨੌਰ ਪੰਚਾਇਤੀ ਮਤੇ ’ਤੇ ਜਾਅਲੀ ਹਸਤਾਖਰ ਕਰਕੇ ਵਿਕਾਸੀ ਕਾਰਜ ਕਰਵਾਉਂਦਿਆਂ ਹੋਇਆਂ ਪੈਸੇ ਕਢਵਾ ਰਹੀ ਹੈ। ਪੰਚਾਂ ਨੇ ਕਿਹਾ ਕਿ ਸਰਪੰਚ ਵਲੋਂ ਉਨ੍ਹਾਂ ਦੇ ਹਸਤਾਖਰ ਕਰਕੇ ਪਾਏ ਮਤਿਆਂ ਨਾਲ ਵਿਕਾਸੀ ਕੰਮ ਕਰਵਾਇਆ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਚੱਲ ਰਹੇ ਵਿਕਾਸੀ ਕਾਰਜਾਂ ਨੂੰ ਤੁਰੰਤ ਰੁਕਵਾਇਆ ਜਾਵੇ। ਓਧਰ ਸਰਪੰਚ ਹਰਜੀਤ ਸਿੰਘ ਗੁਰਾਇਆ ਨੇ ਗੱਲਬਾਤ ਕਰਦਿਆਂ ਪੰਚਾਂ ਵਲੋਂ ਲਗਾਏ ਗਏ ਕਥਿਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜਿਹੜੇ ਪੰਚ ਉਨ੍ਹਾਂ ਨਾਲ ਸਹਿਮਤ ਹਨ ਸਿਰਫ ਉਨ੍ਹਾਂ ਦੀ ਹਾਜਰੀ ’ਚ ਮਤੇ ਪਾ ਕੇ ਹਸਤਾਖਰ ਕਰਵਾਏ ਜਾਂਦੇ ਹਨ ਅਤੇ ਵਿਕਾਸੀ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਬੱਸ ਅੱਡਾ, ਪੁਰਾਣੀ ਪਾਣੀ ਵਾਲੀ ਟੈਂਕੀ ’ਚ ਉਨ੍ਹਾਂ ਦਾ ਕੋਈ ਵੀ ਵਿਕਾਸੀ ਕਾਰਜ ਨਹੀਂ ਚੱਲ ਰਿਹਾ।