ਗੁਰਦਾਸਪੁਰ, 16 ਜੁਲਾਈ (ਚੱਕਰਾਜਾ)-ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਸੁਲਤਾਨੀ ਵਿਖੇ ਹਰਵਿੰਦਰ ਸਿੰਘ ਬਿੱਲੂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਅਤੇ ਮਾਸਟਰ ਤਰਸੇਮ ਸਿੰਘ ਸੁਲਤਾਨੀ ਨੇ ਕਿਹਾ ਕਿ ਮੋਦੀ ਸਰਕਾਰ ਤੇ ਰਾਜ ਸਰਕਾਰਾਂ ਸਾਮਰਾਜੀ ਦੇਸ਼ਾਂ ਤੇ ਦੇਸੀ ਵਿਦੇਸ਼ੀ ਵੱਡੀਆਂ ਕੰਪਨੀਆਂ ਦੇ ਨਿਰਦੇਸ਼ਾਂ ਤੇ ਦਬਾਅ ਹੇਠ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ। ਇਕ ਪਾਸੇ ਮੋਦੀ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਹੇਠ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਤਬਾਹ ਕਰਨ ਲਈ ਭਾਰਤ-ਅਮਰੀਕਾ ਨਾਲ ਕਰ-ਮੁਕਤ ਵਪਾਰਕ ਸਮਝੌਤਾ ਕਰ ਰਿਹਾ ਹੈ ਤੇ ਦੂਜੇ ਪਾਸੇ ਇਸ ਦੇਸ਼ ਦੀ ਸੰਸਦ, ਰਾਜ ਸਭਾ ਤੇ ਰਾਜਾਂ ’ਚ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਇਸ ਲੋਕ-ਮਾਰੂ ਸਮਝੌਤੇ ਦਾ ਪਾਰਲੀਮੈਂਟ, ਰਾਜ ਸਰਕਾਰਾਂ ਦੀਆਂ ਵਿਧਾਨ ਸਭਾਵਾਂ ਦੇ ਅੰਦਰ ਤੇ ਬਾਹਰ ਵਿਰੋਧ ਕਰਨ ਦੀ ਥਾਂ ਆਪਸੀ ਫੁੱਟ ਤੇ ਪਾਟੋਧਾੜ ਵਿਚ ਗੱਦੀ ਲਈ ਇਕ ਦੂਜੇ ਨਾਲ ਲੜ ਰਹੀਆਂ ਹਨ। ਇਸ ਲਈ ਕਿਸਾਨ ਜਥੇਬੰਦੀਆਂ ਨੂੰ ਇਕ ਮਜਬੂਤ ਕਿਸਾਨ ਲਹਿਰ ਅਤੇ ਸੰਘਰਸ਼ ਰਾਹੀਂ ਮੋਦੀ ਸਰਕਾਰ ਦੇ ਮਨਸੂਬਿਆਂ ਨੂੰ ਫੇਲ੍ਹ ਕਰਨਾ ਹੋਵੇਗਾ। ਇਸ ਮੌਕੇ ਪਿੰਡ ’ਚ ਮੈਂਬਰਸ਼ਿਪ ਕਰਕੇ ਪਿੰਡ ਪੱਧਰ ਦੀ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਚੁਣੀ ਗਈ ਕਮੇਟੀ ਵਿਚ ਸੁੱਚਾ ਸਿੰਘ ਪ੍ਰਧਾਨ, ਹਰਵਿੰਦਰ ਸਿੰਘ ਬਿੱਲੂ ਮੀਤ ਪ੍ਰਧਾਨ, ਮਾਸਟਰ ਤਰਸੇਮ ਸਿੰਘ ਸੁਲਤਾਨੀ ਨੂੰ ਸਕੱਤਰ, ਦਲਵੀਰ ਸਿੰਘ ਬਿੱਟੂ ਤੇ ਕੁਲਦੀਪ ਸਿੰਘ ਕਰਮਵਾਰ ਖਜਾਨਚੀ ਤੇ ਸਹਿ ਖਜਾਨਚੀ ਅਤੇ ਜੋਧ ਸਿੰਘ, ਰਾਮ ਸਿੰਘ, ਸਰਵਨ ਸਿੰਘ ਸਾਬਾ ,ਇਕਬਾਲ ਸਿੰਘ ,ਕੁਲਦੀਪ ਸਿੰਘ ਨੰਬਰਦਾਰ, ਕਸ਼ਮੀਰ ਚੰਦ, ਮੁਖਤਿਆਰ ਸਿੰਘ ਅਤੇ ਸਰਵਣ ਸਿੰਘ ਪੱਪੂ, ਆਦਿ ਕਮੇਟੀ ਮੈਂਬਰ ਚੁਣੇ ਗਏ। ਮੀਟਿੰਗ ਵਿਚ ਫੈਸਲਾ ਕੀਤਾ ਕਿ 16 ਜੁਲਾਈ ਨੂੰ ਕਿਸਾਨਾਂ ਦੇ ਖੇਤਾਂ ਵਿਚੋਂ ਬਿਜਲੀ ਦੀਆਂ ਡਿੱਗੀਆਂ ਤੇ ਢਿੱਲੀਆਂ ਤਾਰਾਂ ਨਾ ਚੁੱਕਣ ਤੇ ਨਾ ਕੱਸਣ ਦੇ ਵਿਰੋਧ ’ਚ ਬਿਜਲੀ ਬੋਰਡ ਦੀ ਸਬ ਡਵੀਜਨ ਬਹਿਰਾਮਪੁਰ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ ਅਤੇ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ-ਅਮਰੀਕਾ ਵਿਚ ਹੋਣ ਜਾ ਰਹੇ ਕਰ-ਮੁਕਤ ਵਪਾਰਕ ਸਮਝੌਤਾ ਦੇ ਵਿਰੋਧ ਵਿਚ ਬੀ.ਜੇ.ਪੀ ਦੇ ਆਗੂਆਂ ਦੇ ਘਰਾਂ/ਦਫਤਰਾਂ ਅੱਗੇ ਧਰਨੇ ਦੇਣ ਅਤੇ ਟੋਲ ਪਲਾਜ਼ਾ ਫਰੀ ਕਰਨ ਦੇ ਦਿੱਤੇ ਗਏ ਸੱਦੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ ।