ਪਠਾਨਕੋਟ, 18 ਜੁਲਾਈ (ਅ. ਬ)-ਅੰਤਰਰਾਸ਼ਟਰੀ ਕ੍ਰਿਸ਼ਨ ਭਾਵਨਾਮ੍ਰਿਤ ਸੰਘ ਇਸਕਾਨ ਪਠਾਨਕੋਟ ਵਲੋਂ ਸਰਨਾ ਵਿਚ ਪਹਿਲੀ ਵਾਰ ਭਗਵਾਨ ਸ੍ਰੀ ਜਗੰਨਾਥ, ਬਲਦੇਵ ਤੇ ਸੁਭਦਰਾ ਮਹਾਰਾਣੀ ਦੀ ਵਿਸ਼ਾਲ ਰੱਥ ਯਾਤਰਾ ਕੱਢੀ ਗਈ। ਇਸ ਇਤਿਹਾਸਕ ਧਾਰਮਿਕ ਸਮਾਗਮ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਰਥ ਯਾਤਰਾ ਦੌਰਾਨ ਭਗਵਾਨ ਦੇ ਦਰਸ਼ਨ ਕੀਤੇ ਅਤੇ ਹਰਿਨਾਮ ਸੰਕੀਰਤਨ ਵਿਚ ਭਾਵਭਿੰਨ ਹੋ ਕੇ ਹਿੱਸਾ ਲਿਆ। ਰਥ ਯਾਤਰਾ ਦਾ ਸ਼ੁਭ ਆਰੰਭ ਵੈਦਿਕ ਮੰਤਰ ਉਚਾਰਨ, ਪੂਜਾ-ਅਰਚਨਾ ਤੇ ਦੀਪ ਪ੍ਰਜਵਲਨ ਨਾਲ ਹੋਇਆ। ਇਸ ਮੌਕੇ ਇਸਕਾਨ ਪਠਾਨਕੋਟ ਦੇ ਮੁੱਖ ਸੇਵਕ ਰਘੁਪਤੀ ਰਾਮਦਾਸ ਪ੍ਰਭੂ ਨੇ ਕਿਹਾ ਕਿ ਸਰਨਾ ਦੇ ਸ਼ਰਧਾਲੂਆਂ ਦੀ ਲੰਬੇ ਸਮੇਂ ਤੋਂ ਇੱਛਾ ਸੀ ਕਿ ਇਥੇ ਵੀ ਸ੍ਰੀ ਜਗੰਨਾਥ ਜੀ ਦੀ ਰਥ ਯਾਤਰਾ ਨਿਕਲੇ ਅਤੇ ਭਗਵਾਨ ਦੀ ਕਿਰਪਾ ਨਾਲ ਇਹ ਮਨੋਕਾਮਨਾ ਅੱਜ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਰਥ ‘ਤੇ ਬਿਰਾਜਮਾਨ ਭਗਵਾਨ ਦੇ ਦਰਸ਼ਨ ਕਰਨ ਅਤੇ ਰਥ ਦੀ ਰੱਸੀ ਖਿੱਚਣ ਦਾ ਵਿਸ਼ੇਸ਼ ਆਧਿਆਤਮਿਕ ਮਹੱਤਵ ਹੈ। ਕਰੀਬ 20 ਫੁੱਟ ਉੱਚੇ ਤੇ ਫੁੱਲਾਂ ਨਾਲ ਸਜੇ ਰਥ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਇਤਿਹਾਸਕ ਰਥ ਯਾਤਰਾ ਦਾ ਆਯੋਜਨ ਸਰਨਾ ਦੇ ਪ੍ਰਮੁੱਖ ਸੇਵਾਦਾਰ ਦੀਪਕ ਪ੍ਰਭੂ ਅਤੇ ਨਿਤਿਨ ਪ੍ਰਭੂ ਵਲੋਂ ਕੀਤਾ। ਸਮਾਪਤੀ ਮੌਕੇ ਮਹਾਂ ਆਰਤੀ ਉਪਰੰਤ ਸੰਗਤ ਲਈ ਮਹਾਪ੍ਰਸਾਦ ਤੇ ਹਲਵਾ ਪ੍ਰਸਾਦ ਦਾ ਲੰਗਰ ਵਰਤਾਇਆ।