ਧਾਰਕਲਾਂ, 22 ਜੁਲਾਈ (ਨਰੇਸ਼ ਪਠਾਨੀਆ)-ਉਂਜ ਤਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਧਾਰ ਬਲਾਕ ’ਚ ਬੰਦ ਪਏ ਦੁਨੇਰਾ ਸੁਵਿਧਾ ਕੇਂਦਰ ਨੂੰ ਮੁੜ ਖੋਲ੍ਹ ਦਿੱਤਾ ਗਿਆ ਸੀ ਤੇ ਲੋਕਾਂ ਨੂੰ ਤਹਿਸੀਲਾਂ ਦੇ ਚੱਕਰ ਲਗਾਉਣ ਤੋਂ ਰਾਹਤ ਮਿਲ ਗਈ ਸੀ ਪਰ ਹੁਣ ਲੋਕਾਂ ਦੀ ਸ਼ਿਕਾਇਤ ਹੈ ਕਿ ਬਾਕੀ ਦੇ ਤਾਂ ਸਾਰੇ ਕੰਮ ਸੁਵਿਧਾ ਕੇਂਦਰ ਦੁਨੇਰਾ ’ਚ ਸੁਚੱਜੇ ਢੰਗ ਨਾਲ ਨੇਪੜੇ ਚੜ ਰਹੇ ਹਨ। ਪਰ ਹਲਫੀਆ ਬਿਆਨ ਬਣਾਉਣ ਲਈ ਲੋਕਾਂ ਨੂੰ ਅਜੇ ਵੀ ਧਾਰਕਲਾਂ ਸੁਵਿਧਾ ਕੇਂਦਰ ’ਚ ਜਾਣਾ ਪੈ ਰਿਹਾ ਹੈ। ਜਿਸ ਕਰਕੇ ਬਜ਼ੁਰਗਾਂ, ਅਪਾਹਜਾਂ ਤੇ ਬੱਚਿਆਂ ਆਦਿ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਹਿਰੂਨ, ਗਾਹਲ, ਚਿੱਬੜ, ਪਤਰਾਲਵਾਂ ਤੇ ਮਾੜਵਾਂ ਆਦਿ ਕਈ ਹੋਰ ਪਿੰਡਾਂ ਦੇ ਲੋਕਾਂ ਨੂੰ ਇਕ ਹਲਫੀਆ ਬਿਆਨ ਬਣਾਉਣ ਲਈ ਲਗਭਗ 50 ਕਿੱਲੋਮੀਟਰ ਆਉਣ ਜਾਣ ਲਈ ਪੈਂਡਾ ਤਹਿ ਕਰਨਾ ਪੈ ਰਿਹਾ ਹੈ ਤੇ 50 ਕਿੱਲੋਮੀਟਰ ਦਾ ਸਫਰ ਦੁਬਾਰਾ ਤਹਿ ਕਰਕੇ ਹਲਫੀਆ ਬਿਆਨ ਲੈਣ ਜਾਣਾ ਪੈ ਰਿਹਾ ਹੈ। ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਰਬਾਦੀ ਹੋ ਰਹੀ ਹੈ। ਲੋਕਾਂ ਦੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਮੁਸ਼ਕਿਲ ਦਾ ਸਥਾਈ ਹੱਲ ਕੀਤਾ ਜਾਵੇ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਸੁਵਿਧਾ ਕੇਂਦਰ ’ਚ ਲੱਗਾ ਫਲੈਕਸ ਜਿਸ ’ਤੇ ਲਿਖਿਆ ਹੁਣ ਤੁਹਾਨੂੰ ਸੇਵਾ ਕੇਂਦਰ ਆਉਣ ਦੀ ਜ਼ਰੂਰਤ ਨਹੀਂ ਹੈ, 1076 ’ਤੇ ਕਾਲ ਕਰੋ ਹੁਣ ਸਰਕਾਰ ਤੁਹਾਡੇ ਘਰ ਆ ਕੇ ਤੁਹਾਡਾ ਸਾਰਾ ਕੰਮ ਕਰੇਗੀ, ਲੋਕਾਂ ਨੂੰ ਮੂੰਹ ਚਿੜਾ ਰਿਹਾ ਹੈ।