ਗੁਰਦਾਸਪੁਰ, 24 ਜੁਲਾਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਐਫ.ਸੀ.ਆਈ ਗੁਦਾਮ ਘਰਾਲਾ ’ਚੋਂ ਚੋਰਾਂ ਵਲੋਂ ਚੋਲਾਂ ਦੀਆਂ ਬੋਰੀਆਂ ਚੋਰੀ ਕਰਨ ਦੀ ਖ਼ਬਰ ਸਾਹਮਣ ਆਈ ਹੈ। ਇਸ ਚੋਰੀ ਦੀ ਘਟਨਾ ਦੇ ਸਬੰਧ ’ਚ ਐਫ.ਸੀ.ਆਈ ਦੀ ਉੱਚ ਪੱਧਰੀ ਟੀਮ ਵਲੋਂ ਜਾਂਚ ਪੜਤਾਲ ਵੀ ਕੀਤੀ ਗਈ ਹੈ। ਪਰ ਮਹਿਕਮੇ ਦੇ ਅਧਿਕਾਰੀ ਇਸ ਚੋਰੀ ਸਬੰਧੀ ਜਾਣਕਾਰੀ ਦੇਣ ਤੋਂ ਗੁਰੇਜ ਕਰ ਰਹੇ ਹਨ। ਜਦੋਂ ਇਸ ਪ੍ਰਤੀਨਿਧ ਵਲੋਂ ਮਹਿਕਮੇ ਦੇ ਡੀਪੂ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਤਾ ਲੱਗਾ ਹੈ ਕਿ ਚੋਰੀ ਦੀ ਘਟਨਾ ਵਾਪਰੀ ਹੈ ਤੇ ਇਸ ਦੀ ਹੋਰ ਜਾਣਕਾਰੀ ਗੁਦਾਮ ਇੰਚਾਰਜ ਹੀ ਦੇ ਸਕਦਾ ਹੈ। ਜਦੋਂ ਇਸ ਸਬੰਧੀ ਉੱਚ ਸੂਤਰਾਂ ਤੋਂ ਪਤਾ ਕੀਤਾ ਤਾਂ ਇਹ ਸਾਹਮਣੇ ਆਇਆ ਕਿ ਚੋਰ ਇਕ ਗੱਡੀ ਰਾਹੀਂ ਗੁਦਾਮਾਂ ’ਚ ਦਾਖ਼ਲ ਹੋਏ, ਜਿਨ੍ਹਾਂ ਵਲੋਂ 109 ਦੇ ਕਰੀਬ ਬੋਰੀਆਂ ਚੋਰੀ ਕੀਤੀਆਂ ਗਈਆਂ ਹਨ। ਪਰ ਇਸ ਸਬੰਧੀ ਮਹਿਕਮੇ ਦੇ ਅਧਿਕਾਰੀ ਕੁਝ ਵੀ ਨਹੀਂ ਦੱਸ ਰਹੇ ਤੇ ਉਨ੍ਹਾਂ ਵਲੋਂ ਇਹ ਮਾਮਲਾ ਅਜੇ ਤੱਕ ਪੁਲਿਸ ਦੇ ਧਿਆਨ ’ਚ ਵੀ ਨਹੀਂ ਲਿਆਂਦਾ। ਇਸ ਚੋਰੀ ਸਬੰਧੀ ਇਲਾਕੇ ਅੰਦਰ ਕਾਫੀ ਚਰਚਾ ਚੱਲ ਰਹੀ ਹੈ।