ਦਿ ਮਿਲੇਨੀਅਮ ਸੀ.ਸੈ. ਸਕੂਲ ਬਟਾਲਾ ਵਿਖੇ ਕਿਸ਼ੋਰ ਅਵਸਥਾ ਸਿੱਖਿਆ ਸਮਾਗਮ
ਬਟਾਲਾ, 1 ਅਗਸਤ (ਸਤਿੰਦਰ ਸਿੰਘ)- ਦਿ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਸੀ. ਬੀ.
ਬਟਾਲਾ, 1 ਅਗਸਤ (ਸਤਿੰਦਰ ਸਿੰਘ)- ਦਿ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਸੀ.ਬੀ.ਐੱਸ.ਈ. ਸਮਰੱਥਾ ਨਿਰਮਾਣ ਪ੍ਰੋਗਰਾਮ ਤਹਿਤ ਕਿਸ਼ੋਰ ਅਵਸਥਾ ਸਿੱਖਿਆ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਬਦਲਾਵਾਂ ਪ੍ਰਤੀ ਜਾਗਰੂਕ ਕਰਨਾ ਤੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਮਾਰਗਦਰਸ਼ਨ ਦੇਣ ਲਈ ਲੋੜੀਂਦੇ ਹੁਨਰਾਂ ਨਾਲ ਸਸ਼ਕਤ ਬਣਾਉਣਾ ਸੀ। ਇਸ ਮੌਕੇ ਰਿਸੋਰਸ ਪਰਸਨ ਡਾ. ਉਪਮਾ ਮਹਾਜਨ ਅਤੇ ਡਾ. ਸ਼ਿਵਾਨੀ ਸਿੰਘ ਨੇ ਅਧਿਆਪਕਾਂ ਨੂੰ ਕਿਸ਼ੋਰ ਅਵਸਥਾ ਦੇ ਵੱਖ-ਵੱਖ ਪੱਖਾਂ, ਮਾਨਸਿਕ ਸਿਹਤ, ਭਾਵਨਾਤਮਕ ਸੰਤੁਲਨ, ਸਕਾਰਾਤਮਕ ਵਿਵਹਾਰ, ਜੀਵਨ ਕੌਸ਼ਲਾਂ ਅਤੇ ਸਾਥੀਆਂ ਦੇ ਦਬਾਅ (ਪੀਅਰ ਪ੍ਰੈਸ਼ਰ) ਵਰਗੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਵੱਖ-ਵੱਖ ਗਤੀਵਿਧੀਆਂ ਅਤੇ ਸੰਵਾਦਾਤਮਕ ਸੈਸ਼ਨਾਂ ਰਾਹੀਂ ਉਨ੍ਹਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਭਰੋਸੇਮੰਦ ਅਤੇ ਸਹਿਯੋਗਾਤਮਕ ਰਿਸ਼ਤੇ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਚੇਅਰਮੈਨ ਸ਼੍ਰੀ ਵਰੁਣ ਖੋਸਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਅਧਿਆਪਕਾਂ ਦੇ ਗਿਆਨ, ਹੁਨਰ ਅਤੇ ਯੋਗਤਾਵਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਇਕ ਗਿਆਨਵਾਨ, ਸੰਵੇਦਨਸ਼ੀਲ ਅਤੇ ਪ੍ਰਸ਼ਿਕਸ਼ਿਤ ਅਧਿਆਪਕ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪ੍ਰਿੰਸੀਪਲ ਸ਼੍ਰੀ ਗੁਰਮੀਤ ਸਿੰਘ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਅਧਿਆਪਕਾਂ ਲਈ ਨਿਰੰਤਰ ਪ੍ਰਸ਼ਿਕਸ਼ਣ ਬਹੁਤ ਜ਼ਰੂਰੀ ਹੈ। ਇਸ ਸਮਾਗਮ ਦੌਰਾਨ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ, ਆਪਣੇ ਸਵਾਲ ਪੁੱਛੇ ਤੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਹ ਸੀ . ਬੀ.ਐੱਸ.ਈ. ਸਮਰੱਥਾ ਨਿਰਮਾਣ ਪ੍ਰੋਗਰਾਮ ਸਾਰੇ ਭਾਗੀਦਾਰਾਂ ਲਈ ਬਹੁਤ ਹੀ ਗਿਆਨਵਰਧਕ, ਪ੍ਰੇਰਣਾਦਾਇਕ ਅਤੇ ਲਾਭਕਾਰੀ ਸਾਬਤ ਹੋਇਆ। ਸਮਾਪਤੀ ਸਮਾਰੋਹ ਦੌਰਾਨ ਸਕੂਲ ਪ੍ਰਬੰਧਕਾਂ ਵਲੋਂ ਰਿਸੋਰਸ ਪਰਸਨ ਡਾ. ਉਪਮਾ ਮਹਾਜਨ ਅਤੇ ਡਾ. ਸ਼ਿਵਾਨੀ ਸਿੰਘ ਨੂੰ ਉਨ੍ਹਾਂ ਦੇ ਕੀਮਤੀ ਮਾਰਗਦਰਸ਼ਨ ਤੇ ਸ਼ਾਨਦਾਰ ਯੋਗਦਾਨ ਲਈ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।