ਪਿੰਡ ਗੱਜੂ ਖ਼ਾਲਸਾ ਵਿਖੇ ਦਰਿਆ ਕਿਨਾਰੇ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਪੁਲਿਸ ਤੇ ਮਾਈਨਿੰਗ ਵਿਭਾਗ ਦੀ ਕਾਰਵਾਈ, ਪੋਕਲੇਨ ਮਸ਼ੀਨ ਕੀਤੀ ਜ਼ਬਤ
ਤਾਰਾਗੜ੍ਹ, 1 ਅਗਸਤ (ਸੋਹਨ ਲਾਲ)-ਥਾਣਾ ਤਾਰਾਗੜ੍ਹ ਅਧੀਨ ਆਉਂਦੇ ਪਿੰਡ ਗੱਜੂ ਖਾਲਸਾ ਨੇੜੇ ਦਰਿਆ ਦੇ ਕਿਨਾਰੇ ਚੱਲ ਰਹੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਛਾਪੇਮਾਰੀ ਵਿਚ ਗੈਰ-ਕਾਨੂੰਨੀ ਮਾਈਨਿੰਗ ਲਈ ਵਰਤੀ ਜਾ ਰਹੀ ਇਕ ਪੀਲੇ ਰੰਗ ਦੀ ਪੋਕਲੇਨ ਮਸ਼ੀਨ ਜ਼ਬਤ ਕਰ ਲਈ ਗਈ।
ਤਾਰਾਗੜ੍ਹ, 1 ਅਗਸਤ (ਸੋਹਨ ਲਾਲ)-ਥਾਣਾ ਤਾਰਾਗੜ੍ਹ ਅਧੀਨ ਆਉਂਦੇ ਪਿੰਡ ਗੱਜੂ ਖਾਲਸਾ ਨੇੜੇ ਦਰਿਆ ਦੇ ਕਿਨਾਰੇ ਚੱਲ ਰਹੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਛਾਪੇਮਾਰੀ ਵਿਚ ਗੈਰ-ਕਾਨੂੰਨੀ ਮਾਈਨਿੰਗ ਲਈ ਵਰਤੀ ਜਾ ਰਹੀ ਇਕ ਪੀਲੇ ਰੰਗ ਦੀ ਪੋਕਲੇਨ ਮਸ਼ੀਨ ਜ਼ਬਤ ਕਰ ਲਈ ਗਈ। ਹਾਲਾਂਕਿ ਟੀਮ ਨੂੰ ਦੇਖ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਾਈਨਿੰਗ ਅਤੇ ਪੁਲਿਸ ਦੀ ਟੀਮ, ਜਿਸ ਵਿਚ ਜੂਨੀਅਰ ਇੰਜੀਨੀਅਰ-ਕਮ-ਮਾਈਨਿੰਗ ਇੰਸਪੈਕਟਰ ਨਵਦੀਪ ਸਿੰਘ ਵੀ ਸ਼ਾਮਿਲ ਸਨ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਕਿ ਇਸ ਦੌਰਾਨ ਇਕ ਫੋਨ ਰਾਹੀਂ ਸੂਚਨਾ ਮਿਲੀ ਕਿ ਪਿੰਡ ਗੱਜੂ ਖਾਲਸਾ ਨੇੜੇ ਦਰਿਆ ਕਿਨਾਰੇ ਕੁਝ ਅਣਪਛਾਤੇ ਵਿਅਕਤੀ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਕਰ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੇ ਜੂਨੀਅਰ ਇੰਜੀਨੀਅਰ-ਕਮ-ਮਾਈਨਿੰਗ ਇੰਸਪੈਕਟਰ ਨਵਦੀਪ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਉੱਥੇ ਦੇਖਿਆ ਕਿ ਇਕ ਪੀਲੇ ਰੰਗ ਦੀ ਪੋਕਲੇਨ ਮਸ਼ੀਨ ਗੈਰ-ਕਾਨੂੰਨੀ ਮਾਈਨਿੰਗ ਵਿਚ ਲੱਗੀ ਸੀ। ਮਾਈਨਿੰਗ ਅਤੇ ਪੁਲਿਸ ਟੀਮ ਨੂੰ ਆਉਂਦਾ ਦੇਖ ਕੇ ਪੋਕਲੇਨ ਮਸ਼ੀਨ ਦਾ ਡਰਾਈਵਰ ਅਤੇ ਉੱਥੇ ਮੌਜੂਦ ਟਿੱਪਰ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਏ। ਦਰਿਆ ਕਿਨਾਰੇ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਸਖ਼ਤ ਰੁਖ਼ ਅਪਣਾਇਆ ਹੈ। ਦੋਸ਼ੀਆਂ ਵਿਰੁੱਧ ਮਾਈਨਿੰਗ ਐਕਟ 1957 ਦੀ ਧਾਰਾ 21(1) ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 303(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪੋਕਲੇਨ ਮਸ਼ੀਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਫਰਾਰ ਡਰਾਈਵਰਾਂ ਤੇ ਵਾਹਨ ਮਾਲਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।