ਕੂੜੇ ਦੇ ਢੇਰਾਂ ਤੇ ਬਦਹਾਲ ਸੜਕਾਂ ਕਾਰਨ ਸ਼ਹਿਰ ਦੀ ਸੂਰਤ ਵਿਗੜੀ
ਲੋਕਾਂ ਦੀ ਵਧੀ ਪ੍ਰੇਸ਼ਾਨੀ
ਪਠਾਨਕੋਟ, 18 ਅੱਗਸਤ (ਸੁਮਿਤ)-ਸ਼ਹਿਰ ਦੇ ਮੁੱਖ ਸਥਾਨਾਂ ’ਤੇ ਥਾਂ-ਥਾਂ ਲੱਗੇ ਕੂੜੇ-ਕਰਕਟ ਦੇ ਢੇਰ ਤੇ ਬਦਹਾਲ ਸੜਕਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਢਾਕੀ ਰੋਡ ’ਤੇ ਫਲਾਈਓਵਰ ਦੇ ਬਿਲਕੁਲ ਹੇਠਾਂ ਨਿਕਲਣ ਵਾਲੇ ਰਸਤੇ ਦੀ ਹਾਲਤ ਖਸਤਾ ਬਣੀ ਹੋਈ ਹੈ।
ਪਠਾਨਕੋਟ, 18 ਅੱਗਸਤ (ਸੁਮਿਤ)-ਸ਼ਹਿਰ ਦੇ ਮੁੱਖ ਸਥਾਨਾਂ ’ਤੇ ਥਾਂ-ਥਾਂ ਲੱਗੇ ਕੂੜੇ-ਕਰਕਟ ਦੇ ਢੇਰ ਤੇ ਬਦਹਾਲ ਸੜਕਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਢਾਕੀ ਰੋਡ ’ਤੇ ਫਲਾਈਓਵਰ ਦੇ ਬਿਲਕੁਲ ਹੇਠਾਂ ਨਿਕਲਣ ਵਾਲੇ ਰਸਤੇ ਦੀ ਹਾਲਤ ਖਸਤਾ ਬਣੀ ਹੋਈ ਹੈ। ਸੜਕ ਦੇ ਕਿਨਾਰੇ ਕੂੜੇ-ਕਰਕਟ ਦੇ ਵੱਡੇ-ਵੱਡੇ ਢੇਰ ਲੱਗੇ ਹੋਣ ਕਾਰਨ ਜਿੱਥੇ ਲੋਕਾਂ ਨੂੰ ਆਉਣ-ਜਾਣ ਵਿਚ ਦਿੱਕਤ ਹੋ ਰਹੀ ਹੈ, ਉੱਥੇ ਗੰਦਗੀ ਕਾਰਨ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ । ਢਾਕੀ ਰੋਡ ’ਤੇ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ । ਲੋਕਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਕੂੜਾ ਨਾ ਚੁੱਕੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ । ਇਸ ਤੋਂ ਇਲਾਵਾ ਸ਼ਹਿਰ ਨੂੰ ਜੋੜਨ ਵਾਲੇ ਮਨਵਾਲ ਸੰਪਰਕ ਮਾਰਗ ਦਾ ਇਕ ਹਿੱਸਾ ਚੱਕੀ ਖੱਡ ਵਿਚ ਵਹਿ ਜਾਣ ਕਾਰਨ ਰਸਤੇ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ । ਟੁੱਟੇ ਹੋਏ ਰਸਤੇ ਤੋਂ ਲੋਕ ਆਪਣੀ ਜਾਨ ਜ਼ੋਖਮ ’ਚ ਪਾ ਕੇ ਆਵਾਜਾਈ ਕਰਨ ਲਈ ਮਜਬੂਰ ਹਨ । ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੰਦੀਪ ਸਿੰਘ ਡਡਵਾਲ ਅਤੇ ਸਮਾਜ ਸੇਵਕ ਰਮਨ ਸ਼ਰਮਾ ਨੇ ਇਨ੍ਹਾਂ ਸਮੱਸਿਆਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਦੇ ਮੁੱਖ ਮਾਰਗਾਂ ਤੇ ਜਨਤਕ ਸਥਾਨਾਂ ’ਤੇ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਦੇ ਨਾਲ-ਨਾਲ ਖ਼ਰਾਬ ਹੋ ਚੁੱਕੀਆਂ ਸੜਕਾਂ ਅਤੇ ਲਿੰਕ ਮਾਰਗਾਂ ਦੀ ਜਲਦ ਮੁਰੰਮਤ ਕਰਵਾਉਣਾ ਬੇਹੱਦ ਜ਼ਰੂਰੀ ਹੈ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੂੜੇ ਦੇ ਢੇਰ ਤੁਰੰਤ ਚੁੱਕਵਾਏ ਜਾਣ ਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਮਨਵਾਲ ਸੰਪਰਕ ਮਾਰਗ ਸਮੇਤ ਹੋਰ ਖ਼ਰਾਬ ਰਸਤਿਆਂ ਦੀ ਵੀ ਜਲਦ ਮੁਰੰਮਤ ਕਰਵਾਈ ਜਾਵੇ ।