ਬੇਟ ਇਲਾਕੇ ’ਚ ਡਰੇਨਾਂ ਦੀ ਘਟੀਆ ਸਫ਼ਾਈ ਕਾਰਨ ਖੇਤਾਂ ’ਚ ਭਰਿਆ ਮੀਂਹ ਦਾ ਪਾਣੀ
ਗੁਰਦਾਸਪੁਰ, 19 ਅਗਸਤ (ਅਸ਼ੋਕ ਸ਼ਰਮਾ)-ਬੀਤੀ ਰਾਤ ਪਏ ਤੇਜ਼ ਮੀਂਹ ਨੇ ਬੇਟ ਇਲਾਕੇ ਅੰਦਰ ਜਲ ਥਲ ਕਰ ਦਿੱਤਾ ਤੇ ਡਰੇਨਾਂ ਦੀ ਘਟੀਆ ਸਫਾਈ ਹੋਣ ਕਾਰਨ ਕਿਸਾਨਾਂ ਦੇ ਖੇਤਾਂ ਵਿਚ ਦੋ ਦੋ ਫੁੱਟ ਤੋਂ ਵੀ ਵੱਧ ਪਾਣੀ ਭਰ ਗਿਆ ਤੇ ਇਸ ਨਾਲ ਹਰੇ ਚਾਰੇ ਦੀਆਂ ਫਸਲਾਂ ਖੇਤਾਂ ਵਿਚ ਲੰਮੇ ਪੈ ਗਈਆਂ ਹਨ ਅਤੇ ਕਮਾਦ ਖੜਾ ਹੀ ਡਿੱਗ ਗਿਆ। ਜਦੋਂ ਕਿ ਤਿੱਬੜੀ ਛਾਉਣੀ ਦੇ ਨਾਲ ਲੱਗਦੀਆਂ ਜਮੀਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਗੁਰਦਾਸਪੁਰ, 19 ਅਗਸਤ (ਅਸ਼ੋਕ ਸ਼ਰਮਾ)-ਬੀਤੀ ਰਾਤ ਪਏ ਤੇਜ਼ ਮੀਂਹ ਨੇ ਬੇਟ ਇਲਾਕੇ ਅੰਦਰ ਜਲ ਥਲ ਕਰ ਦਿੱਤਾ ਤੇ ਡਰੇਨਾਂ ਦੀ ਘਟੀਆ ਸਫਾਈ ਹੋਣ ਕਾਰਨ ਕਿਸਾਨਾਂ ਦੇ ਖੇਤਾਂ ਵਿਚ ਦੋ ਦੋ ਫੁੱਟ ਤੋਂ ਵੀ ਵੱਧ ਪਾਣੀ ਭਰ ਗਿਆ ਤੇ ਇਸ ਨਾਲ ਹਰੇ ਚਾਰੇ ਦੀਆਂ ਫਸਲਾਂ ਖੇਤਾਂ ਵਿਚ ਲੰਮੇ ਪੈ ਗਈਆਂ ਹਨ ਅਤੇ ਕਮਾਦ ਖੜਾ ਹੀ ਡਿੱਗ ਗਿਆ। ਜਦੋਂ ਕਿ ਤਿੱਬੜੀ ਛਾਉਣੀ ਦੇ ਨਾਲ ਲੱਗਦੀਆਂ ਜਮੀਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਲਾਕੇ ਅੰਦਰ ਵੱਗਦੀ ਸੇਮ ਨਹਿਰ ਦਾ ਪਾਣੀ ਲੋਕਾਂ ਦੇ ਖੇਤਾਂ ਵਿਚ ਜਾਣ ਕਰਕੇ ਕਿਸਾਨ ਕਾਫੀ ਚਿੰਤਤ ਨਜਰ ਆ ਰਹੇ ਹਨ। ਇਸ ਸਬੰਧੀ ਕਿਸਾਨ ਪ੍ਰਤਾਪ ਸਿੰਘ ਸੈਣੀ, ਕਾਬਲ ਸਿੰਘ ਸੈਣੀ, ਦਿਲਬਾਗ ਸਿੰਘ ਸੂਬੇਦਾਰ, ਇਕਬਾਲ ਸਿੰਘ, ਜਸਵਿੰਦਰ ਸਿੰਘ ਲਾਡੀ, ਨਿਸ਼ਾਨ ਸਿੰਘ, ਤਜਿੰਦਰ ਸਿੰਘ, ਲੰਬਰਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਡਰੇਨ ਵਿਭਾਗ ਦੀ ਉਸ ਸਮੇਂ ਪੋਲ ਖੁੱਲ ਗਈ, ਜਦੋਂ ਡਰੇਨਾਂ ਦਾ ਪਾਣੀ ਨਹਿਰ ਵਿਚ ਜਾਣ ਦੀ ਬਜਾਏ ਕਿਸਾਨਾਂ ਦੇ ਖੇਤਾਂ ਵਿਚ ਜਾ ਵੜਿਆ ਤੇ ਫਸਲਾਂ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਈਆਂ। ਜਿਸ ਕਰਕੇ ਕਿਸਾਨਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਕ ਹੋਰ ਭਾਰੀ ਮੀਂਹ ਪੈ ਗਿਆ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੋਵੇਗਾ। ਇਸੇ ਤਰ੍ਹਾਂ ਗੁਰਦਾਸਪੁਰ ਦੇ ਅੰਡਰਬ੍ਰਿਜ ਅੰਦਰ ਵੀ ਭਾਰੀ ਮਾਤਰਾ ਵਿਚ ਪਾਣੀ ਖੜਾ ਹੋਣ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਤੇ ਲੋਕਾਂ ਨੂੰ ਦੂਜੇ ਰਸਤਿਆਂ ਰਾਹੀਂ ਸ਼ਹਿਰ ਅੰਦਰ ਦਾਖ਼ਲ ਹੋਣਾ ਪਿਆ। ਅੰਡਰਬ੍ਰਿਜ ਅੰਦਰ ਭਾਰੀ ਮਾਤਰਾ ਵਿਚ ਖੜੇ ਪਾਣੀ ਵਿਚ ਲੋਕਾਂ ਦੇ ਦੋ ਪਹੀਆ ਵਾਹਨ ਫਸ ਗਏ, ਜਿਨ੍ਹਾਂ ਨੂੰ ਲੋਕਾਂ ਵਲੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਇਥੋਂ ਤੱਕ ਕਿ ਸ਼ਹਿਰ ਦੇ ਨੀਵੇਂ ਏਰੀਏ ਅੰਦਰ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਚਲਾ ਗਿਆ । ਜਿਸ ਕਰਕੇ ਲੋਕਾਂ ਦੇ ਸਮਾਨ ਦਾ ਵੀ ਕਾਫੀ ਨੁਕਸਾਨ ਹੋਇਆ। ਲੋਕਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਪਾਣੀ ਦੇ ਨਿਕਾਸ ਦੇ ਨਾਲ ਨਾਲ ਬੇਟ ਇਲਾਕੇ ਅੰਦਰ ਡਰੇਨਾਂ ਦੀ ਹੋਈ ਸਫਾਈ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਵੱਡਾ ਘਪਲਾ ਲੋਕਾਂ ਸਾਹਮਣੇ ਨਸ਼ਰ ਹੋ ਸਕੇ।