ਪਿੰਡ ਰਸੂਲਪੁਰ ਟੱਪਰੀਆਂ ’ਚ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ
ਫਤਹਿਗੜ੍ਹ ਚੂੜੀਆਂ, 19 ਅਗਸਤ (ਐਮ. ਐਸ.
ਫਤਹਿਗੜ੍ਹ ਚੂੜੀਆਂ, 19 ਅਗਸਤ (ਐਮ.ਐਸ. ਫੁੱਲ)-ਨਜ਼ਦੀਕੀ ਪਿੰਡ ਰਸੂਲਪੁਰ ਟੱਪਰੀਆਂ ’ਚ ਮੈਡਮ ਮਨਦੀਪ ਕੌਰ ਦੀ ਅਗਵਾਈ ਹੇਠ ਮਹਿਲਾਵਾਂ ਵਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਤੇ ਰਵਾਇਤੀ ਅੰਦਾਜ਼ ਵਿਚ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ.ਡੀ.ਆਈ. ਸਕੂਲ ਫਤਹਿਗੜ੍ਹ ਚੂੜੀਆਂ ਦੀ ਪ੍ਰਿੰਸੀਪਲ ਸਵਲੀਨ ਕੌਰ ਭਾਟੀਆ ਨੇ ਸ਼ਿਰਕਤ ਕੀਤੀ। ਰੰਗ-ਬਿਰੰਗੇ ਰਵਾਇਤੀ ਪਹਿਰਾਵਿਆਂ ਵਿਚ ਸੱਜੀਆਂ ਮਹਿਲਾਵਾਂ ਨੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਇਕ-ਦੂਜੇ ਨੂੰ ਤੀਆਂ ਦੀ ਵਧਾਈ ਦਿੱਤੀ। ਸਮਾਗਮ ਦੌਰਾਨ ਮਹਿਲਾਵਾਂ ਨੇ ਆਪਣੇ ਹੱਥਾਂ ’ਤੇ ਮਹਿੰਦੀ ਲਗਵਾਈ ਤੇ ਸਾਉਣ ਦੇ ਰਵਾਇਤੀ ਗੀਤ ਗਾ ਕੇ ਤਿਉਹਾਰ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਪੰਜਾਬੀ ਲੋਕ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਮਹਿਲਾਵਾਂ ਵਲੋਂ ਗਿੱਧਾ, ਕਿੱਕਲੀ ਤੇ ਹੋਰ ਲੋਕ ਕਲਾਵਾਂ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਪੂਰਾ ਮਾਹੌਲ ਪੰਜਾਬੀ ਲੋਕ ਸੰਗੀਤ ਤੇ ਖੁਸ਼ੀਆਂ ਨਾਲ ਭਰਿਆ ਰਿਹਾ। ਪ੍ਰਿੰ. ਸਵਲੀਨ ਕੌਰ ਭਾਟੀਆ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਉਨ੍ਹਾਂ ਨੂੰ ਆਪਣੀਆਂ ਪੁਰਾਣੀਆਂ ਰਵਾਇਤਾਂ ਤੇ ਲੋਕ ਵਿਰਸੇ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਕਰਵਾਉਣ ਦਾ ਮਕਸਦ ਪੰਜਾਬੀ ਲੋਕ ਵਿਰਸੇ ਨੂੰ ਸੰਭਾਲਣਾ ਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਰਵਾਇਤਾਂ ਨਾਲ ਜੋੜਨਾ ਹੈ। ਇਸ ਮੌਕੇ ਮਹਿਲਾਵਾਂ ਵਲੋਂ ਪ੍ਰਿੰ. ਸਵਲੀਨ ਕੌਰ ਭਾਟੀਆ ਨੂੰ ਸਨਮਾਨਿਤ ਵੀ ਕੀਤਾ ਗਿਆ।