27 ਅਗਸਤ ਨੂੰ ਪੀ.ਸੀ.ਐਮ.ਐਸ. ਐਸੋਸੀਏਸ਼ਨ ਵਲੋਂ ਓ.ਪੀ.ਡੀ. ਬੰਦ ਰੱਖਣ ਦਾ ਐਲਾਨ
ਪਠਾਨਕੋਟ, 26 ਅਗਸਤ (ਸੰਧੂ)-ਪੀ. ਸੀ.
ਪਠਾਨਕੋਟ, 26 ਅਗਸਤ (ਸੰਧੂ)-ਪੀ.ਸੀ.ਐਮ.ਐਸ. ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਪਠਾਨਕੋਟ ਨੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਸਰਕਾਰੀ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਨੇ ਸਰਕਾਰ ਤੋਂ ਓ.ਪੀ.ਐਸ. ਲਾਗੂ ਕਰਨ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, 7ਵੇਂ ਤਨਖਾਹ ਕਮਿਸ਼ਨ ਦੀਆਂ ਖਾਮੀਆਂ ਦੂਰ ਕਰਨ ਅਤੇ ਠੇਕੇ, ਐਡਹਾਕ ਤੇ ਆਊਟਸੋਰਸ ਭਰਤੀ ਦੇ ਮੁੱਦਿਆਂ ਦਾ ਹੱਲ ਕਰਨ ਦੀ ਮੰਗ ਕੀਤੀ ਹੈ । ਆਗੂਆਂ ਦੱਸਿਆ ਕਿ ਐਸੋਸੀਏਸ਼ਨ ਦੀ ਸੂਬਾ ਪੱਧਰੀ ਜਨਰਲ ਬਾਡੀ ਮੀਟਿੰਗ ਵਿਚ ਜ਼ਿਲ੍ਹਾ ਪੱਧਰ ਤੋਂ ਪ੍ਰਾਪਤ ਫੀਡਬੈਕ ’ਤੇ ਵਿਚਾਰ ਕਰਨ ਉਪਰੰਤ ਬਹੁਮਤ ਨਾਲ ਫੈਸਲਾ ਕੀਤਾ ਗਿਆ ਕਿ ਸਾਥੀ ਜਥੇਬੰਦੀਆਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ 27 ਅਗਸਤ ਨੂੰ ਇਕ ਦਿਨ ਲਈ ਓ.ਪੀ.ਡੀ. ਸੇਵਾਵਾਂ ਪੂਰੀ ਤਰ੍ਹਾਂ ਬੰਦ ਰੱਖੀਆਂ ਜਾਣਗੀਆਂ । ਇਸ ਦੌਰਾਨ ਇਲੈਕਟਿਵ ਸਰਜਰੀਆਂ ਵੀ ਮੁਲਤਵੀ ਰਹਿਣਗੀਆਂ । ਹਾਲਾਂਕਿ ਆਮ ਐਮਰਜੈਂਸੀ ਸੇਵਾਵਾਂ, ਜੱਚਾ-ਬੱਚਾ ਸੇਵਾਵਾਂ, ਐਮਰਜੈਂਸੀ ਸਰਜਰੀਆਂ, ਦਾਖਲ ਮਰੀਜ਼ਾਂ ਦਾ ਇਲਾਜ, ਮੈਡੀਕੋ-ਲੀਗਲ ਤੇ ਪੋਸਟਮਾਰਟਮ ਸੇਵਾਵਾਂ ਅਤੇ ਨਿਆਂਇਕ ਮੈਡੀਕਲ ਜਾਂਚਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ । ਐਸੋਸੀਏਸ਼ਨ ਨੇ ਕਿਹਾ ਕਿ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਕੈਡਰ ਅਤੇ ਲੋਕ-ਪੱਖੀ ਮੁੱਦਿਆਂ ’ਤੇ ਸਕਾਰਾਤਮਿਕ ਰਵੱਈਆ ਅਪਣਾਇਆ ਗਿਆ ਹੈ । ਐਸੋਸੀਏਸ਼ਨ ਨੂੰ ਆਸ ਹੈ ਕਿ ਸਰਕਾਰ ਸਮੂਹ ਮੁਲਾਜ਼ਮ ਜਥੇਬੰਦੀਆਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰੇਗੀ ।