ਆਂਗਣਵਾੜੀ ਵਰਕਰਾਂ ਵਲੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਕਰਨ ਤੋਂ ਕੋਰੀ ਨਾਂਹ
ਗੁਰਦਾਸਪੁਰ, 18 ਸਤੰਬਰ (ਗੁਰਪ੍ਰਤਾਪ ਸਿੰਘ)-ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਵਲੋਂ ਡਿਪਟੀ ਕਮਿਸ਼ਨਰ ਦੀ ਗੈਰ ਹਾਜ਼ਰੀ ’ਚ ਜੀ. ਏ ਟੂ ਡੀ.
ਗੁਰਦਾਸਪੁਰ, 18 ਸਤੰਬਰ (ਗੁਰਪ੍ਰਤਾਪ ਸਿੰਘ)-ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਵਲੋਂ ਡਿਪਟੀ ਕਮਿਸ਼ਨਰ ਦੀ ਗੈਰ ਹਾਜ਼ਰੀ ’ਚ ਜੀ.ਏ ਟੂ ਡੀ.ਸੀ ਨੂੰ ਵਿਸ਼ੇਸ਼ ਮੰਗ ਪੱਤਰ ਸੌਂਪ ਕੇ ਆਂਗਨਵਾੜੀ ਵਰਕਰਾਂ ਤੋਂ ਲਏ ਜਾ ਰਹੇ ਵਾਧੂ ਕੰਮਾਂ ਦਾ ਗੰਭੀਰ ਵਿਰੋਧ ਜਿਤਾਇਆ ਗਿਆ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਆਂਗਨਵਾੜੀ ਵਰਕਰਾਂ ਦੀ ਡਿਊਟੀ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ ਲਗਾਈ ਜਾ ਰਹੀ ਹੈ ਜਦੋਂ ਕਿ ਵਰਕਰਾਂ ਕੋਲ ਪਹਿਲਾਂ ਹੀ ਆਪਣੇ ਵਿਭਾਗ ਨਾਲ ਸਬੰਧਿਤ ਬਹੁਤ ਸਾਰਾ ਆਨਲਾਈਨ ਤੇ ਦਫ਼ਤਰੀ ਕੰਮ ਪੈਂਡਿੰਗ ਹੈ। ਯੂਨੀਅਨ ਆਗੂਆਂ ਨੇ ਪੱਤਰ ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਵਿਭਾਗ ਵਲੋਂ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਆਂਗਨਵਾੜੀ ਵਰਕਰਾਂ ਤੋਂ ਕਿਸੇ ਹੋਰ ਵਿਭਾਗ ਦਾ ਕੰਮ ਨਹੀਂ ਲਿਆ ਜਾਵੇਗਾ। ਹੋਰਨਾਂ ਵਿਭਾਗਾਂ ਦੀਆਂ ਡਿਊਟੀਆਂ ਕਾਰਨ ਵਰਕਰਾਂ ਨੂੰ ਪਿੰਡਾਂ ’ਚ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਵਾਧੂ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ। ਮੰਗ ਪੱਤਰ ਸੌਂਪਣ ਤੋਂ ਬਾਅਦ ਯੂਨੀਅਨ ਵਲੋਂ ਏ.ਡੀ.ਸੀ ਨਾਲ ਮੀਟਿੰਗ ਕਰਕੇ ਇਹ ਸਾਫ ਕੀਤਾ ਕਿ ਉਨ੍ਹਾਂ ਵਲੋਂ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਦਾ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਡਿਊਟੀਆਂ ਵਾਪਸ ਨਾ ਲਈਆਂ ਤਾਂ ਜਥੇਬੰਦੀ ਤੇਜ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਸੁਨਿਰਮਲ ਕੌਰ, ਸਰਬਜੀਤ ਕੌਰ, ਸਰਬਜੀਤ ਕੌਰ ਦੋਰਾਂਗਲਾ, ਇੰਦਰਜੀਤ ਕੌਰ, ਹਰਦੀਪ ਕੌਰ,ਅਮਰਜੀਤ ਕੌਰ, ਜਸਵੰਤ ਕੌਰ ਅਤੇ ਮਨਪ੍ਰੀਤ ਕੌਰ ਆਦਿ ਆਗੂ ਹਾਜ਼ਰ ਸਨ ।