ਲੋੜਵੰਦਾਂ ਦੇ ਮਸੀਹਾ ਬਣੇ ਲੋਕ ਸੇਵਾ ਸਮਿਤੀ ਦੇ ਪ੍ਰਧਾਨ ਡਾ: ਸੋਨੂੰ ਸ਼ਰਮਾ
ਦੀਨਾਨਗਰ, 4 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਸਮਾਜ ਸੇਵਾ ਮਹਿਜ਼ ਇਕ ਜ਼ਿੰਮੇਵਾਰੀ ਨਹੀਂ, ਸਗੋਂ ਮਾਨਵਤਾ ਪ੍ਰਤੀ ਅਟੁੱਟ ਨਿਸ਼ਠਾ ਤੇ ਦ੍ਰਿੜ ਸੰਕਲਪ ਦਾ ਪ੍ਰਤੀਕ ਹੈ । ਇਸੇ ਪਰਉਪਕਾਰੀ ਸੋਚ ਨੂੰ ਆਪਣੇ ਜੀਵਨ ਦਾ ਮੁੱਖ ਮਨੋਰਥ ਬਣਾ ਕੇ ਉੱਘੇ ਸਮਾਜ ਸੇਵੀ ਡਾ: ਸੋਨੂੰ ਸ਼ਰਮਾ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲੋਕ ਸੇਵਾ ਸਮਿਤੀ ਦੇ ਬੈਨਰ ਹੇਠ ਨਿਰੰਤਰ ਤੇ ਨਿਰਸਵਾਰਥ ਭਾਵਨਾ ਨਾਲ ਮਾਨਵਤਾ ਦੀ ਸੇਵਾ ਵਿਚ ਜੁਟੇ ਹਨ।
ਦੀਨਾਨਗਰ, 4 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਸਮਾਜ ਸੇਵਾ ਮਹਿਜ਼ ਇਕ ਜ਼ਿੰਮੇਵਾਰੀ ਨਹੀਂ, ਸਗੋਂ ਮਾਨਵਤਾ ਪ੍ਰਤੀ ਅਟੁੱਟ ਨਿਸ਼ਠਾ ਤੇ ਦ੍ਰਿੜ ਸੰਕਲਪ ਦਾ ਪ੍ਰਤੀਕ ਹੈ । ਇਸੇ ਪਰਉਪਕਾਰੀ ਸੋਚ ਨੂੰ ਆਪਣੇ ਜੀਵਨ ਦਾ ਮੁੱਖ ਮਨੋਰਥ ਬਣਾ ਕੇ ਉੱਘੇ ਸਮਾਜ ਸੇਵੀ ਡਾ: ਸੋਨੂੰ ਸ਼ਰਮਾ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲੋਕ ਸੇਵਾ ਸਮਿਤੀ ਦੇ ਬੈਨਰ ਹੇਠ ਨਿਰੰਤਰ ਤੇ ਨਿਰਸਵਾਰਥ ਭਾਵਨਾ ਨਾਲ ਮਾਨਵਤਾ ਦੀ ਸੇਵਾ ਵਿਚ ਜੁਟੇ ਹਨ। ਸਮਿਤੀ ਦੇ ਪ੍ਰਧਾਨ ਡਾ: ਸੋਨੂੰ ਸ਼ਰਮਾ ਦੀ ਅਗਵਾਈ ਹੇਠ ਸਮਾਜ ਭਲਾਈ ਦੇ ਕਈ ਵੱਡੇ ਪ੍ਰੋਜੈਕਟ ਸਫ਼ਲਤਾਪੂਰਵਕ ਚੱਲ ਰਹੇ ਹਨ। ਉਨ੍ਹਾਂ ਵਲੋਂ ਹਰ ਮਹੀਨੇ ਬੇਸਹਾਰਾ ਤੇ ਵਿਧਵਾਵਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ, ਲਗਪਗ 100 ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਗ਼ਰੀਬ ਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਦੇ ਫ਼ਰਜ਼ ਨਿਭਾਉਣ ਲਈ ਸਮਿਤੀ ਵਲੋਂ 5100 ਰੁਪਏ ਦੀ ਸ਼ਗਨ ਰਾਸ਼ੀ ਤੇ ਹੋਰ ਵਿੱਤੀ ਮਦਦ ਦਿੱਤੀ ਜਾਂਦੀ ਹੈ। ਸਿੱਖਿਆ ਤੇ ਸਿਹਤ ਦੇ ਖੇਤਰ ’ਚ ਵੱਡਾ ਯੋਗਦਾਨ ਪਾਉਂਦਿਆਂ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਸਟੇਸ਼ਨਰੀ ਤੇ ਖੇਡਾਂ ਦਾ ਸਾਮਾਨ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡ ਕੇ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਸਮਾਜਿਕ ਕੁਰੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਡਾ: ਸ਼ਰਮਾ ਵਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਸਮਿਤੀ ਵਲੋਂ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਇਕ ਸਿਹਤਮੰਦ, ਸਕਾਰਾਤਮਕ ਤੇ ਉੱਜਵਲ ਭਵਿੱਖ ਵੱਲ ਵਧਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਡਾ: ਸੋਨੂੰ ਸ਼ਰਮਾ ਵਲੋਂ ਨਿਭਾਈਆਂ ਜਾ ਰਹੀਆਂ ਇਨ੍ਹਾਂ ਨਿਸ਼ਕਾਮ ਸੇਵਾਵਾਂ ਦੇ ਸਨਮਾਨ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਹੁਣ ਤੱਕ 20 ਤੋਂ ਵੱਧ ਵਾਰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾ: ਸੋਨੂੰ ਸ਼ਰਮਾ ਨੇ ਅਪੀਲ ਕੀਤੀ ਕਿ ਸਮਾਜ ਦੇ ਹਰ ਸਮਰੱਥ ਨਾਗਰਿਕ ਨੂੰ ਦੀਨ-ਦੁਖੀਆਂ ਦੀ ਮਦਦ ਤੇ ਸਮਾਜ ਭਲਾਈ ਦੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ।